ਨੂਰਪੁਰ ਬੇਦੀ, 4 ਫਰਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਬਲਾਕ ਨੂਰਪੁਰ ਬੇਦੀ ਦੇ ਪਿੰਡਾਂ 'ਚ ਅਸਮਾਨ ਘੁੰਮ ਰਹੇ ਇਕ ਡਰੋਨ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ ਤੇ ਲੋਕ ਇਸ ਡਰੋਨ ਦੀਆਂ ਫ਼ੋਟੋਆਂ ਖਿੱਚਦੇ ਵੀ ਦੇਖੇ ਗਏ | ਵੱਖ-ਵੱਖ ਪਿੰਡਾਂ 'ਚ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਡਰੋਨ ਨੂੰ ਦੇਖਣ ਲਈ ਛੱਤਾਂ 'ਤੇ ਚੜ ਗਏ ਤੇ ਇਹ ਡਰੋਨ ਉਨ੍ਹਾਂ ਦੇ ਘਰਾਂ ਤੋਂ ਕੁੱਝ ਦੂਰੀ ਤੇ ਅਸਮਾਨ 'ਚ ਕਾਫ਼ੀ ਉਚਾਈ 'ਤੇ ਘੁੰਮਦਾ ਰਿਹਾ | ਡਰੋਨ ਦੀ ਸ਼ੱਕੀ ਗਤੀਵਿਧੀ ਨੂੰ ਦੇਖਦੇ ਹੋਏ ਪੱਤਰਕਾਰਾਂ ਵਲੋਂ ਸਥਾਨਕ ਪੁਲਸ ਪ੍ਰਸ਼ਾਸਨ ਨੂੰ ਵੀ ਤੁਰੰਤ ਇਸ ਸਬੰਧੀ ਸੂਚਿਤ ਕੀਤਾ ਗਿਆ, ਜਿਸ ਉਪਰੰਤ ਪੁਲਿਸ ਦੀ ਟੀਮ ਇਸ ਡਰੋਨ ਦੀ ਭਾਲ ਲਈ ਪਿੰਡਾਂ ਲਈ ਰਵਾਨਾ ਹੋ ਗਈ | ਥਾਣਾ ਮੁਖੀ ਰੋਹਿਤ ਸ਼ਰਮਾ ਦੇ ਆਦੇਸ਼ਾਂ ਤੇ ਇੰਸਪੈਕਟਰ ਬਲਵੀਰ ਚੰਦ ਦੀ ਅਗਵਾਈ ਹੇਠ ਪੁਲਸ ਟੀਮ ਨੇ ਪਿੰਡ ਲਸਾੜੀ ਲਾਗੇ ਪਹੁੰਚ ਕੇ ਡਰੋਨ ਉਡਾਉਣ ਵਾਲੇ ਵਿਅਕਤੀਆਂ ਨੂੰ ਮਿਲ ਕੇ ਉਨ੍ਹਾਂ ਨੂੰ ਪੁਲਸ ਥਾਣੇ ਵਿਖੇ ਬੁਲਾ ਕੇ ਪੂਰੀ ਗਹਿਰਾਈ ਨਾਲ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਸਰਵੇ ਆਫ਼ ਇੰਡੀਆ ਵਲੋਂ ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਦੀ ਬੇਨਤੀ ਤੇ ਸਤਲੁਜ ਦਰਿਆ ਲਈ ਹੜ-ਖਤਰਾ ਮੈਪ ਤਿਆਰ ਕਰਨ ਲਈ ਇੱਕ ਪ੍ਰਾਜੈਕਟ ਤਿਆਰ ਕੀਤਾ ਜਾ ਰਿਹਾ ਹੈ | ਜਿਸ ਤਹਿਤ ਹਵਾਈ ਅਤੇ ਅੰਤਰਿਕਸ਼ ਆਧਾਰਿਤ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਲਗਪਗ 1693 ਵਰਗ ਕਿੱਲੋਮੀਟਰ ਖੇਤਰ ਦਾ ਸਰਵੇ ਕੀਤਾ ਜਾਵੇਗਾ, ਜਿਸ ਵਿਚ ਰੂਪਨਗਰ, ਐੱਸ.ਏ.ਐੱਸ. ਨਗਰ, ਲੁਧਿਆਣਾ, ਜਲੰਧਰ ਅਤੇ ਮੋਗਾ ਜ਼ਿਲੇ੍ਹ ਸ਼ਾਮਲ ਹਨ, ਜਿਸ ਤਹਿਤ ਉਕਤ ਟੀਮ ਵਲੋਂ ਨੂਰਪੁਰ ਬੇਦੀ ਇਲਾਕੇ ਦੇ ਸਤਲੁਜ ਦਰਿਆ ਦੇ ਨਾਲ ਲੱਗਦੇ ਖੇਤਰਾਂ 'ਚ ਡਰੋਨ ਕੈਮਰੇ ਰਾਹੀਂ ਇਹ ਸਰਵੇ ਕੀਤਾ ਜਾ ਰਿਹਾ ਹੈ | ਇਸ ਦੌਰਾਨ ਪੁਲਸ ਪ੍ਰਸ਼ਾਸਨ ਨੇ ਉਕਤ ਟੀਮ ਨੂੰ ਅਗਾਂਹ ਕੀਤਾ ਕਿ ਉਹ ਹੋਰਨਾਂ ਪਿੰਡਾਂ 'ਚ ਜਾਣ ਤੋਂ ਪਹਿਲਾਂ ਇਸਦੀ ਪੁਲਸ ਨੂੰ ਅਗੇਤੀ ਸੂਚਨਾ ਦੇਣ ਤਾਂ ਜੋ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾ ਸਕੇ |