ਸ੍ਰੀ ਅਨੰਦਪੁਰ ਸਾਹਿਬ, 4 ਫਰਵਰੀ (ਕਰਨੈਲ ਸਿੰਘ)-ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ ਕਾਲਜ ਦੇ ਸਾਬਕਾ ਪ੍ਰੋਫੈਸਰ ਤੇ ਪ੍ਰਸਿੱਧ ਸਾਹਿਤਕਾਰ ਪ੍ਰੋਫੈਸਰ ਮਹਿੰਦਰ ਸਿੰਘ ਬਾਗੀ (ਮਿੰਦਰ ਬਾਗੀ) ਦੀ ਯਾਦ ਨੂੰ ਸਮਰਪਿਤ ਅੰਤਰ-ਸਕੂਲ ਵਿੱਦਿਅਕ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਜ਼ਿਲ੍ਹਾ ਰੂਪਨਗਰ, ਊਨਾ ਤੇ ਨਾਲਾਗੜ੍ਹ ਖੇਤਰ ਦੇ ਲਗਪਗ 35 ਸਕੂਲਾਂ ਦੇ ਤਕਰੀਬਨ 800 ਵਿਦਿਆਰਥੀਆਂ ਨੇ ਭਾਗ ਲਿਆ | ਕਾਲਜ ਦੇ ਪਿ੍ੰਸੀਪਲ ਡਾ. ਜਸਵੀਰ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਸ਼ਬਦ ਗਾਇਨ, ਦਸਤਾਰਬੰਦੀ, ਰੰਗੋਲੀ ਮੇਕਿੰਗ, ਨਾਅਰੇ ਅਤੇ ਲੇਖ ਲਿਖਣ, ਲੈਂਡਸਕੇਪਿੰਗ, ਭਾਸ਼ਣ ਪ੍ਰਤੀਯੋਗਤਾ, ਕਵਿਤਾ ਉਚਾਰਨ, ਗਣਿਤ ਓਲੰਪੀਆਡ, ਚਿੱਤਰ ਬਣਾਉਣ, ਗੀਤ-ਗ਼ਜ਼ਲ, ਲੋਕ ਗੀਤ, ਮਾਡਲ ਮੇਕਿੰਗ, ਪੀਪੀਟੀ ਮੇਕਿੰਗ, ਆਈਡੀਆ ਸ਼ੋ-ਕੇਸ, ਯੋਗਾ ਅਤੇ ਜਨਰਲ ਕਿਉਜ਼ ਵਰਗੇ ਅਨੇਕਾਂ ਮੁਕਾਬਲਿਆਂ 'ਚ ਭਾਗ ਲਿਆ | ਆਪਣੇ ਸੰਬੋਧਨ 'ਚ ਪਿ੍ੰਸੀਪਲ ਡਾ. ਜਸਵੀਰ ਸਿੰਘ ਨੇ ਕਿਹਾ ਕੇ ਅੰਤਰ-ਸਕੂਲ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੂੰ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਤ ਨਾ ਰੱਖ ਕੇ ਅਸਲੀ ਜੀਵਨ ਨਾਲ ਜੋੜਨ ਦਾ ਮੌਕਾ ਮਿਲਦਾ ਹੈ | ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਆਨਰੇਰੀ ਸਕੱਤਰ ਡਾ. ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਕਾਰਜਕਾਰਨੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਿੱਖਿਆ ਸੁਖਮਿੰਦਰ ਸਿੰਘ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ | ਮੁਕਾਬਲਿਆਂ ਦੇ ਅੰਤ 'ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਗੁਰਪ੍ਰੀਤ ਕੌਰ ਸਨ, ਜਦਕਿ ਮੰਚ ਸੰਚਾਲਨ ਡਾ. ਜੇ. ਪੀ. ਸਿੰਘ ਤੇ ਪ੍ਰੋ. ਰਵਿੰਦਰ ਸਿੰਘ ਵਲੋਂ ਕੀਤਾ ਗਿਆ | ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਕਾਲਜ ਦੇ ਸਮੁੱਚੇ ਸਟਾਫ਼ ਵਲੋ ਪੂਰੀ ਤਨਦੇਹੀ ਨਾਲ ਕੰਮ ਕੀਤਾ ਗਿਆ |