ਬੇਲਾ, 4 ਫਰਵਰੀ (ਮਨਜੀਤ ਸਿੰਘ ਸੈਣੀ)-ਬੀਤੇ ਮਹੀਨੇ ਹੜ੍ਹਾਂ ਦੌਰਾਨ ਬੇਲਾ ਨੇੜੇ ਪਿੰਡ ਦਾਉਦਪੁਰ ਅਤੇ ਫਸਿਆਂ ਵਿਖੇ ਸਤਲੁਜ ਦਰਿਆ ਦੇ ਪਾਣੀਆਂ ਨਾਲ ਬੰਨਾ ਦਾ ਕਾਫ਼ੀ ਨੁਕਸਾਨ ਹੋਇਆ ਸੀ ਅੱਧੇ ਪੰਜਾਬ ਦੇ ਲੋਕਾਂ ਨੇ ਅਤੇ ਫ਼ੌਜ ਵਲੋਂ ਕਰੀਬ ਇਕ ਹਫ਼ਤਾ ਦਿਨ ਰਾਤ ਸਖ਼ਤ ਮਿਹਨਤ ਕਰਕੇ ਮਿੱਟੀ ਨਾਲ ਭਰੇ ਥੈਲੇ ਲਗਾ ਕੇ ਬੰਨ੍ਹਾਂ ਨੂੰ ਹੜ੍ਹਨ ਤੋਂ ਬਚਾਇਆ ਸੀ | ਉਸ ਸਮੇਂ ਪੰਜਾਬ ਸਰਕਾਰ ਦੇ ਕਈ ਮੰਤਰੀਆਂ, ਹਲਕਾ ਵਿਧਾਇਕ ਤੋਂ ਇਲਾਵਾ ਵਿਰੋਧੀ ਪਾਰਟੀਆਂ ਦੇ ਆਗੂ ਵੀ ਪਹੁੰਚੇ ਸਨ | ਉਸ ਸਮੇਂ ਮੁੱਖ ਮੰਤਰੀ ਪੰਜਾਬ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹਾਂ ਤੋਂ ਤੁਰੰਤ ਬਾਅਦ ਪੱਥਰਾਂ ਨਾਲ ਲਾ ਕੇ ਬੰਨ੍ਹ ਮਜ਼ਬੂਤ ਕਰਨ ਦਾ ਵਿਸ਼ਵਾਸ ਦਿਵਾਇਆ ਸੀ ਪਰ ਤਕਰੀਬਨ ਚਾਰ ਪੰਜ ਮਹੀਨੇ ਬੀਤਣ ਤੋਂ ਬਾਅਦ ਵੀ ਨੁਕਸਾਨੇ ਗਏ ਬੰਨਾ ਦੀ ਮੁਰੰਮਤ ਲਈ ਇੱਕ ਪੱਥਰ ਤੱਕ ਵੀ ਨਹੀਂ ਲਗਾਇਆ ਗਿਆ, ਇਸ ਮੌਕੇ ਸ਼੍ਰੀ ਚਮਕੌਰ ਸਾਹਿਬ ਦੇ ਮੋਰਚੇ ਦੇ ਆਗੂ ਆਗੂ ਖੁਸ਼ਵਿੰਦਰ ਸਿੰਘ ਜੰਡ ਸਾਹਿਬ ਨੇ ਕਿਹਾ ਕਿ ਬੀਤੇ ਚਾਰ ਪੰਜ ਮਹੀਨੇ ਪਹਿਲਾਂ ਆਏ ਹੜ੍ਹਾਂ ਵੇਲੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਹੜ੍ਹਾਂ ਤੋਂ ਤੁਰੰਤ ਬਾਅਦ ਦਰਿਆਵਾਂ ਦੇ ਬੰਨ੍ਹ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਸੀ, ਪਰ ਪੰਜ ਮਹੀਨੇ ਤੋਂ ਵੱਧ ਦਾ ਸਮਾ ਬੀਤਣ ਤੋਂ ਬਾਅਦ ਵੀ ਬੰਨਾ ਤੇ ਇਕ ਪੱਥਰ ਵੀ ਨਹੀਂ ਲਗਾਇਆ ਗਿਆ, ਜਦੋਂ ਕਿ ਚਾਰ ਪੰਜ ਮਹੀਨੇ ਬਾਅਦ ਮੁੜ ਬਰਸਾਤਾਂ ਆਉਣ ਵਾਲੀਆਂ ਹਨ | ਕਿਸਾਨ ਆਗੂ ਜਸਪ੍ਰੀਤ ਸਿੰਘ ਕਿਹਾ ਦੋਵੇਂ ਬੰਨ੍ਹਾਂ ਦੇ ਐਨ ਵਿਚਕਾਰ ਡਰੇਨ ਪੁੱਟਣ ਦੀ ਮੰਗ ਕੀਤੀ ਸੀ, ਪੰਜਾਬ ਸਰਕਾਰ ਆਪਣੇ ਖ਼ਜ਼ਾਨੇ ਭਰਨ ਲਈ ਰੇਤਾ ਵੇਚ ਕੇ ਡਰੇਨ ਪੁੱਟ ਸਕਦੀ ਹੈ, ਪਰ ਪੰਜਾਬ ਸਰਕਾਰ ਅਤੇ ਮਾਈਨਿੰਗ ਵਿਭਾਗ ਇਲਾਕੇ ਦੇ ਲੋਕਾਂ ਦੀ ਉਸ ਜਾਇਜ ਮੰਗ ਵੱਲ ਧਿਆਨ ਨਹੀਂ ਦੇ ਰਿਹਾ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਜਗੀਰ ਸਿੰਘ ਬਜੀਦਪੁਰ ਨੇ ਬੰਨ੍ਹ ਤੇ ਪਏ ਖਾਲੀ ਥੈਲਿਆ ਦਾ ਢੇਰ ਦਿਖਾਉਂਦੇ ਹੋਏ ਕਿਹਾ ਕਿ ਕਿਹਾ ਕਿ ਹੜ੍ਹਾਂ ਤੋਂ ਬਾਅਦ ਪ੍ਰਸ਼ਾਸਨ ਨੇ ਇੱਕ ਵੀ ਥੈਲਾ ਮਿੱਟੀ ਦਾ ਭਰ ਕੇ ਬੰਨ੍ਹ ਤੇ ਨਹੀਂ ਲਗਾਇਆ ਜਦੋਂਕਿ ਲੱਖਾਂ ਥੈਲੇ ਹੁਣ ਵੀ ਬੰਨ੍ਹਾ 'ਤੇ ਖਾਲੀ ਪਏ ਹਨ | ਇਸ ਮੌਕੇ ਨੰਬਰਦਾਰ ਗੁਲਜ਼ਾਰ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਰੋਪੜ ਲੁਧਿਆਣਾ ਮਾਰਗ ਮਿੱਟੀ ਦੀ ਘਾਟ ਕਰਕੇ ਬੰਦ ਪਿਆ ਹੈ ਸਰਕਾਰ ਦਰਿਆ ਵਿਚੋਂ ਰੇਤਾ ਕੱਢ ਕੇ ਉਕਤ ਪ੍ਰਾਜੈਕਟ ਪੂਰਾ ਕਰ ਸਕਦੀ ਹੈ ਇਸ ਮੌਕੇ ਖੁਸ਼ਵਿੰਦਰ ਸਿੰਘ ਜੰਡ ਸਾਹਿਬ, ਜਗੀਰ ਸਿੰਘ ਬਜੀਦਪੁਰ, ਜਸਪ੍ਰੀਤ ਸਿੰਘ, ਜਸਵਿੰਦਰ ਸਿੰਘ ਜੱਸਾ ਬਜੀਦਪੁਰ, ਮਨਿੰਰਦਜੀਤ ਸਿੰਘ ਰਾਜਾ, ਗੁਰਮੇਲ ਸਿੰਘ ਸਲਾਹਪੁਰ, ਸਰਪੰਚ ਅਜਮੇਰ ਸਿੰਘ ਸਲਾਹਪੁਰ, ਪੰਚ ਜਸਵਿੰਦਰ ਸਿੰਘ ਸਲਾਹਪੁਰ, ਅਜੈਬ ਸਿੰਘ ਸਲਾਹਪੁ, ਸਾਬਕਾ ਸਰਪੰਚ ਰਜਿੰਦਰ ਸਿੰਘ ਰਸੀਦਪੁਰ, ਗੁਰਚਰਨ ਸਿੰਘ ਚੰਨੀ, ਗੁਲਜਾਰ ਸਿੰੰਘ, ਅਮਰੀਕ ਸਿੰਘ, ਬਲਦੇਵ ਸਿੰਘ, ਪ੍ਰਦੀਪ ਸਿੰਘ ਹਾਫੀਜਾਬਾਦ ਆਦਿ ਹਾਜ਼ਰ ਸਨ |