ਲਾਲੜੂ, 4 ਫਰਵਰੀ (ਰਾਜਬੀਰ ਸਿੰਘ)-ਅਧਿਆਪਕ ਜਸਵੀਰ ਸਿੰਘ ਨੇ ਰਾਜਸਥਾਨ 'ਚ ਹੋਈ ਅਥਲੈਟਿਕਸ ਚੈਂਪੀਅਨਸ਼ਿਪ 'ਚ 2 ਤਗ਼ਮੇ ਜਿੱਤੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਜਸਵੀਰ ਸਿੰਘ ਨੇ ਦੱਸਿਆ ਕਿ ਅਜਮੇਰ (ਰਾਜਸਥਾਨ) ਵਿਖੇ 7ਵੀਂ ਨੈਸ਼ਨਲ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਕਰਵਾਈ ਗਈ ਸੀ, ਜਿਸ 'ਚ ਉਨ੍ਹਾਂ ਨੇ ਤੀਹਰੀ ਛਾਲ 'ਚ ਪਹਿਲਾ ਤੇ ਉੱਚੀ ਛਾਲ 'ਚ ਦੂਜਾ ਸਥਾਨ ਹਾਸਿਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ 'ਚ 18 ਰਾਜਾਂ ਦੇ ਖਿਡਾਰੀਆਂ ਵਲੋਂ ਭਾਗ ਲਿਆ ਗਿਆ | ਦੱਸਣਯੋਗ ਹੈ ਕਿ ਜਸਵੀਰ ਸਿੰਘ ਲਾਰਡ ਮਹਾਂਵੀਰ ਜੈਨ ਪਬਲਿਕ ਸਕੂਲ ਡੇਰਾਬੱਸੀ ਅਤੇ ਪੀ. ਐੱਮ. ਸੀਨੀਅਰ ਸੈਕੰਡਰੀ ਸਰਕਾਰੀ ਸਕੂਲ ਲਾਲੜੂ ਵਿਖੇ ਅਥਲੈਟਿਕਸ ਦੇ ਕੋਚ ਵਜੋਂ ਸੇਵਾਵਾਂ ਨਿਭਾਅ ਰਹੇ ਹਨ | ਉਨ੍ਹਾਂ ਦੱਸਿਆ ਕਿ ਉਹ ਸਰਕਾਰੀ ਕਾਲਜ ਡੇਰਾਬੱਸੀ ਵਿਖੇ ਲਗਾਤਾਰ 5 ਸਾਲ ਅਤੇ ਬਾਅਦ 'ਚ ਸਰੀਰਕ ਸਿੱਖਿਆ ਕਾਲਜ ਪਟਿਆਲਾ ਵਿਖੇ ਬੈਸਟ ਐਥਲੀਟ ਰਹਿ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਅਜਮੇਰ ਵਿਖੇ ਹੋਈਆਂ ਖੇਡਾਂ 'ਚ ਉਨ੍ਹਾਂ ਨੇ ਐੱਮ. ਏ. ਏ. ਸੀ. ਚੰਡੀਗੜ੍ਹ ਮਾਸਟਰਸ ਅਥਲੈਟਿਕਸ ਐਸੋਸੀਏਸ਼ਨ ਵਲੋਂ ਭਾਗ ਲਿਆ ਸੀ |