ਡੇਰਾਬੱਸੀ, 4 ਫਰਵਰੀ (ਰਣਬੀਰ ਸਿੰਘ ਪੜ੍ਹੀ)-ਹਲਕਾ ਡੇਰਾਬੱਸੀ ਦੇ ਪਿੰਡ ਸਮਗੋਲੀ ਤੋਂ ਇਕ ਮਾਨਸਿਕ ਤੌਰ 'ਤੇ ਪਰੇਸ਼ਾਨ ਮਹਿਲਾ ਪਿਛਲੇ ਇਕ ਹਫ਼ਤੇ ਤੋਂ ਲਾਪਤਾ ਹੈ | ਕੜਾਕੇ ਦੀ ਠੰਢ ਅਤੇ ਮੀਂਹ ਦੇ ਮੌਸਮ ਦਰਮਿਆਨ ਘਰੋਂ ਲਾਪਤਾ ਹੋਈ ਇਸ ਮਹਿਲਾ ਦਾ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ, ਜਿਸ ਕਾਰਨ ਉਸਦਾ ਪੂਰਾ ਪਰਿਵਾਰ ਗਹਿਰੇ ਸਦਮੇ ਅਤੇ ਚਿੰਤਾ 'ਚ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਸਮਗੋਲੀ ਦੇ ਵਸਨੀਕ ਮਦਨ ਸਿੰਘ ਰਾਣਾ ਨੇ ਦੱਸਿਆ ਕਿ ਉਨ੍ਹਾਂ ਦੀ 42 ਸਾਲਾ ਪਤਨੀ ਸੀਤਾ ਰਾਣੀ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦੀ ਹੈ ਅਤੇ ਉਸਦਾ ਇਲਾਜ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ ਤੋਂ ਚੱਲ ਰਿਹਾ ਸੀ | ਉਨ੍ਹਾਂ ਦੱਸਿਆ ਕਿ ਬੀਤੀ 28 ਜਨਵਰੀ ਨੂੰ ਸੀਤਾ ਰਾਣੀ ਬਿਨਾਂ ਕਿਸੇ ਨੂੰ ਦੱਸੇ ਘਰੋਂ ਕਿਧਰੇ ਚਲੀ ਗਈ ਅਤੇ ਮੁੜ ਘਰ ਵਾਪਸ ਨਹੀਂ ਪਰਤੀ | ਪਰਿਵਾਰ ਮੁਤਾਬਕ ਪਹਿਲਾਂ ਵੀ ਸੀਤਾ ਰਾਣੀ ਕਈ ਵਾਰ ਬਿਨਾਂ ਦੱਸੇ ਘਰੋਂ ਚਲੀ ਜਾਂਦੀ ਸੀ, ਪਰ ਉਹ ਅਕਸਰ ਆਪਣੇ ਪੇਕੇ ਘਰ ਨੇੜੇ ਕਰਨਾਲ ਪਹੁੰਚ ਜਾਂਦੀ ਸੀ, ਪਰ ਇਸ ਵਾਰ ਅਜਿਹਾ ਨਹੀਂ ਹੋਇਆ | ਮਦਨ ਸਿੰਘ ਨੇ ਚਿੰਤਾ ਜ਼ਾਹਿਰ ਕੀਤੀ ਕਿ ਪਿਛਲੇ 7 ਦਿਨਾਂ ਤੋਂ ਘਰੋਂ ਬਾਹਰ ਹੋਣ ਕਾਰਨ ਉਸਦੀ ਦਵਾਈ ਵੀ ਬੰਦ ਹੋ ਚੁੱਕੀ ਹੋਵੇਗੀ, ਜਿਸ ਕਾਰਨ ਉਸਦੀ ਮਾਨਸਿਕ ਹਾਲਤ ਹੋਰ ਵਿਗੜ ਸਕਦੀ ਹੈ | ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਅਤੇ ਆਮ ਜਨਤਾ ਨੂੰ ਮੀਡੀਆ ਰਾਹੀਂ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਸੀਤਾ ਰਾਣੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਪਰਿਵਾਰ ਜਾਂ ਡੇਰਾਬੱਸੀ ਪੁਲਿਸ ਥਾਣੇ ਨੂੰ ਸੂਚਿਤ ਕਰਨ |