ਰੂਪਨਗਰ, 22 ਫਰਵਰੀ (ਸਤਨਾਮ ਸਿੰਘ ਸੱਤੀ)-ਸਰਕਾਰੀ ਕਾਲਜ ਰੋਪੜ ਵਿਖੇ ਪਿ੍ੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਦੋ ਰੋਜ਼ਾ ਪ੍ਰੋਗਰਾਮ ਕਰਵਾਇਆ ਗਿਆ | ਸਮਾਗਮ ਵਿਚ ਦੂਰਦਰਸ਼ਨ ਕੇਂਦਰ ਜਲੰਧਰ ਦੇ ਸਹਾਇਕ ਡਾਇਰੈਕਟਰ (ਰਿਟਾ.) ਬਲਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਡਾ. ਜਸਪਾਲ ਸਿੰਘ, ਡਾ. ਦੇਵਿੰਦਰ ਸੈਫ਼ੀ ਅਤੇ ਨਾਵਲਕਾਰ ਜਸਵੀਰ ਮੰਡ ਵਿਸ਼ੇਸ਼ ਮਹਿਮਾਨ ਸਨ | ਪਿ੍ੰਸੀਪਲ ਜਤਿੰਦਰ ਸਿੰਘ ਗਿੱਲ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਮਾਂ ਬੋਲੀ ਪੰਜਾਬੀ ਦੀ ਅਹਿਮੀਅਤ ਉੱਤੇ ਚਾਨਣਾ ਪਾਇਆ | ਮੁੱਖ ਮਹਿਮਾਨ ਬਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਦੂਰਦਰਸ਼ਨ ਦੇ ਪ੍ਰੋਗਰਾਮ Tਸੰਦਲੀ ਪੈੜਾਂUਨਾਲ ਜੁੜੇ ਆਪਣੇ ਅਨੁਭਵ ਸਾਂਝੇ ਕੀਤੇ | ਡਾ. ਦੇਵਿੰਦਰ ਸੈਫ਼ੀ ਤੇ ਡਾ. ਜਸਪਾਲ ਸਿੰਘ ਨੇ ਭਾਸ਼ਾ ਅਤੇ ਸਾਹਿੱਤ ਦੀ ਮਹੱਤਤਾ ਬਾਰੇ ਵਿਚਾਰ ਪ੍ਰਗਟ ਕਰਦੇ ਹੋਏ ਮਾਂ ਬੋਲੀ 'ਤੇ ਫ਼ਖ਼ਰ ਕਰਨ ਦੀ ਅਪੀਲ ਕੀਤੀ | ਮਹਿਮਾਨਾਂ ਵਲੋਂ ਮਾਂ ਬੋਲੀ ਸਬੰਧੀ ਰਚਨਾਵਾਂ ਵੀ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਪੰਜਾਬੀ ਅਧਿਆਪਕ ਨਰਿੰਦਰ ਸਿੰਘ ਬੰਗਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਭਾਸ਼ਾ ਵਿਭਾਗ ਵਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ | ਪ੍ਰੋ. ਹਰਦੀਪ ਕੌਰ ਤੇ ਪ੍ਰੋ. ਮਨਦੀਪ ਕੌਰ ਵਲੋਂ Tਪੰਜਾਬੀਏ ਜ਼ੁਬਾਨੇUਗੀਤ ਪੇਸ਼ ਕੀਤਾ ਗਿਆ ਅਤੇ ਵਿਦਿਆਰਥੀਆਂ ਨੇ ਕਵਿਤਾ, ਗੀਤ ਅਤੇ ਕਵੀਸ਼ਰੀ ਰਾਹੀਂ ਮਾਂ ਬੋਲੀ ਨੂੰ ਸਨਮਾਨ ਦਿੱਤਾ | ਡਾ. ਜਤਿੰਦਰ ਕੁਮਾਰ ਮੁਖੀ ਪੰਜਾਬੀ ਵਿਭਾਗ ਨੇ ਦੱਸਿਆ ਕਿ ਕਰਵਾਏ ਗਏ ਸਾਹਿੱਤਿਕ ਮੁਕਾਬਲਿਆਂ ਵਿਚ ਵੱਖ-ਵੱਖ ਸ਼੍ਰੇਣੀਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ | ਕਾਵਿ ਉਚਾਰਨ, ਅਖਾਣ-ਮੁਹਾਵਰਾ ਵਾਰਤਾਲਾਪ, ਪੋਸਟਰ ਮੇਕਿੰਗ, ਕਾਵਿ/ਕਹਾਣੀ ਸਿਰਜਣ ਅਤੇ ਸੁੰਦਰ ਲਿਖਾਈ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਮੰਚ ਸੰਚਾਲਨ ਡਾ. ਜਤਿੰਦਰ ਕੁਮਾਰ, ਪ੍ਰੋ. ਉਪਦੇਸ਼ਦੀਪ ਕੌਰ ਤੇ ਪ੍ਰੋ. ਹਰਦੀਪ ਕੌਰ ਨੇ ਕੀਤਾ, ਜਦਕਿ ਡਾ. ਨਿਰਮਲ ਸਿੰਘ ਬਰਾੜ ਨੇ ਧੰਨਵਾਦ ਕੀਤਾ | ਪ੍ਰੋਗਰਾਮ ਵਿਚ ਸਟਾਫ਼ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ |