ਨੂਰਪੁਰ ਬੇਦੀ, 23 ਫਰਵਰੀ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਅਕਾਲੀ ਬਾਬਾ ਫੂਲਾ ਸਿੰਘ ਕਲੱਬ ਵਲੋਂ ਪਿੰਡ ਸਿੰਬਲ ਮਾਜਰਾ ਵਿਖੇ ਕਰਵਾਇਆ ਗਿਆ ਕਬੱਡੀ ਤੇ ਵਾਲੀਬਾਲ ਟੂਰਨਾਮੈਂਟ ਗਾਇਕ ਲਾਭ ਹੀਰਾ ਦੇ ਖੁੱਲੇ ਅਖਾੜੇ ਨਾਲ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਇਆ | ਇਸ ਤੋਂ ਪਹਿਲਾਂ ਖੇਡ ਮੇਲੇ ਦੇ ਅੰਤਿਮ ਦਿਨ 67 ਕਿੱਲੋਗ੍ਰਾਮ ਭਾਰ ਵਰਗ ਦੇ ਕਬੱਡੀ ਮੁਕਾਬਲੇ 'ਚ ਰਾਜਾ ਸਾਹਿਬ ਮਜਾਰਾ ਦੀ ਟੀਮ ਨੇ ਬੇਹੱਦ ਰੋਚਕ ਮੁਕਾਬਲੇ 'ਚ ਮੌਲੀ ਵੈਦਵਾਂ ਦੀ ਟੀਮ ਨੂੰ ਹਰਾ ਕੇ ਟਰਾਫ਼ੀ 'ਤੇ ਕਬਜ਼ਾ ਜਮਾਇਆ | ਇਸ ਤੋਂ ਉਪਰੰਤ ਵੱਖ-ਵੱਖ ਜ਼ਿਲਿ੍ਹਆਂ ਤੋਂ ਪਹੁੰਚੀਆਂ 8 ਅਕੈਡਮੀਆਂ ਦੀਆਂ ਟੀਮਾਂ ਦਰਮਿਆਨ ਆਲ ਓਪਨ ਕਬੱਡੀ ਦੇ ਦਿਲਕਸ਼ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਮੇਜਬਾਨ ਅਕਾਲੀ ਬਾਬਾ ਫੂਲਾ ਸਿੰਘ ਕਲੱਬ ਸਿੰਬਲ ਮਾਜਰਾ ਦੀ ਟੀਮ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਮਾਮੂਪੁਰ ਟੇਢੇਵਾਲ ਦੀ ਟੀਮ ਦੂਸਰੇ ਸਥਾਨ 'ਤੇ ਰਹੀ | ਇਸ ਦੌਰਾਨ ਵਿਜੇਤਾ ਸਿੰਬਲ ਮਾਜਰਾ ਦੀ ਟੀਮ ਦੇ ਬੈਸਟ ਜਾਫ਼ੀ ਐਲਾਨੇ ਗਏ ਖਿਡਾਰੀ ਗੋਰੂ ਥੋਪੀਆ ਤੇ ਬੈੱਸਟ ਰੇਡਰ ਘੋਸ਼ਿਤ ਕੀਤੇ ਗਏ ਖਿਡਾਰੀ ਦੁੱਲਾ ਨੂੰ ਮੋਟਰਸਾਈਕਲ ਇਨਾਮ ਵਜੋਂ ਪ੍ਰਦਾਨ ਕੀਤੇ ਗਏ | ਇਸ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਖੇਡ ਮੇਲੇ 'ਚ ਹਾਜ਼ਰੀ ਭਰ ਕੇ ਕਲੱਬ ਮੈਂਬਰਾਂ ਦੀ ਹੌਸਲਾ ਅਫਜਾਈ ਕੀਤੀ | ਉਪਰੰਤ ਪ੍ਰਬੰਧਕਾਂ ਨੇ ਵਿਜੇਤਾ ਖਿਡਾਰੀਆਂ ਨੂੰ ਦਿਲਕਸ਼ ਇਨਾਮਾਂ ਨਾਲ ਨਿਵਾਜਿਆ | ਇਸ ਤੋਂ ਉਪਰੰਤ ਰਾਤ ਸਮੇਂ ਸਜਾਏ ਗਏ ਖੁੱਲੇ ਅਖਾੜੇ ਦੌਰਾਨ ਪਹੁੰਚੇ ਪੰਜਾਬ ਦੇ ਪ੍ਰਸਿੱਧ ਗਾਇਕ ਲਾਭ ਹੀਰਾ ਨੇ ਵੱਖ-ਵੱਖ ਗੀਤਾਂ ਰਾਹੀਂ ਦੇਰ ਰਾਤ ਤੱਕ ਦਰਸ਼ਕਾਂ ਦਾ ਮਨੋਰੰਜਨ ਕਰਕੇ ਵਾਹੋ ਵਾਹੀ ਖੱਟੀ | ਖੇਡ ਮੇਲੇ ਦੇ ਸਫਲ ਆਯੋਜਨ 'ਚ ਸੁੱਖਾ ਕੈਨੇਡਾ, ਰਾਜਵੀਰ ਬੈਂਸ, ਅਮਨਪ੍ਰੀਤ ਭੱਠਲ, ਭੁਪਿੰਦਰ ਭੱਠਲ, ਰਵਿੰਦਰ ਗਿੱਲ, ਨਰਿੰਦਰ ਹਕਲਾ, ਪਰਮ ਲੁਧਿਆਣਾ, ਹਰਵਿੰਦਰ ਰੀਹਲ, ਅਕਾਲੀ ਦਲ ਦੇ ਪ੍ਰਧਾਨ ਦਰਬਾਰਾ ਸਿੰਘ ਬਾਲਾ, ਹਰਜਿੰਦਰ ਸਰਪੰਚ, ਗੌਰਵ ਰਾਣਾ, ਸਰਪੰਚ ਗੁਰਮੁੱਖ ਸਿੰਘ, ਮਲਕੀਤ ਭੱਠਲ, ਮਾ. ਗੁਰਨੈਬ ਸਿੰਘ, ਸਤਨਾਮ ਝੱਜ, ਹਰਿਮੰਦਰ ਸਿੰਘ, ਬੰਟੀ ਜੇਤੇਵਾਲ, ਪਲਵਿੰਦਰ ਰੀਹਲ, ਕੁਲਵਿੰਦਰ ਰੀਹਲ, ਅਰਸ਼ ਕਨੇਡਾ, ਮੋਹਿਤ ਸਨੈਕਰ, ਸਰਪੰਚ ਚੰਨਣ ਸਿੰਘ ਸਹਿਤ ਸਮੂਹ ਪਿੰਡ ਵਾਸੀਆਂ ਨੇ ਯੋਗਦਾਨ ਪਾਇਆ |