ਰੂਪਨਗਰ, 23 ਫਰਵਰੀ (ਸਟਾਫ਼ ਰਿਪੋਰਟਰ)-ਭਾਰਤੀ ਜਨਤਾ ਪਾਰਟੀ ਵਲੋਂ ਪੰਡਿਤ ਦੀਨ-ਦਿਆਲ ਉਪਾਧਿਆਇ ਸਿਖਲਾਈ ਮਹਾ ਅਭਿਆਨ 2026 ਦਾ ਜ਼ਿਲ੍ਹਾ ਪੱਧਰ 'ਤੇ ਸ਼ੁਭਾਰੰਭ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰ ਗੀਤ Tਵੰਦੇ ਮਾਤਰਮU ਦੇ ਸਮੂਹ ਗਾਇਨ ਨਾਲ ਹੋਈ | ਇਸ ਮੌਕੇ ਪ੍ਰਦੇਸ਼ ਟੀਮ ਤੋਂ ਪਹੁੰਚੇ ਸ਼ੁਸ਼ੀਲ ਰਾਣਾ ਅਤੇ ਕਰਣ ਗੁਪਤਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਇਹ ਮਹਾ ਅਭਿਆਨ ਪਾਰਟੀ ਦੀ ਵਿਚਾਰਧਾਰਕ ਮਜ਼ਬੂਤੀ ਅਤੇ ਸੰਗਠਨਾਤਮਕ ਸਮਰੱਥਾ ਨੂੰ ਨਵੀਂ ਦਿਸ਼ਾ ਦੇਵੇਗਾ | ਉਨ੍ਹਾਂ ਦੱਸਿਆ ਕਿ 9 ਮਾਰਚ ਤੋਂ 14 ਅਪ੍ਰੈਲ ਤੱਕ ਵੱਖ-ਵੱਖ ਪੜਾਆਂ ਵਿਚ ਸਿਖਲਾਈ ਕੈਪ ਲਗਾਏ ਜਾਣਗੇ, ਜਿਨ੍ਹਾਂ ਵਿਚ ਮੰਡਲ ਪ੍ਰਧਾਨ, ਮੋਰਚਾ ਅਧਿਕਾਰੀ ਅਤੇ ਜ਼ਿਲ੍ਹਾ ਟੀਮ ਦੇ ਮੈਂਬਰ ਭਾਗ ਲੈਣਗੇ | ਉਨ੍ਹਾਂ ਜ਼ੋਰ ਦਿੱਤਾ ਕਿ ਕਾਰਕੁਨਾਂ ਨੂੰ ਪਾਰਟੀ ਦੀ ਨੀਤੀ, ਵਿਚਾਰਧਾਰਾ ਤੇ ਕਾਰਜਪ੍ਰਣਾਲੀ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ | ਪ੍ਰਦੇਸ਼ ਪੱਧਰ ਤੋਂ ਆਏ ਮਹਿਮਾਨਾਂ ਨੇ ਸੂਚਨਾ ਤਕਨਾਲੋਜੀ ਦੀ ਮਹੱਤਤਾ ਉੱਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਡਿਜ਼ਿਟਲ ਮਾਧਿਅਮਾਂ, ਸਮਾਜਿਕ ਮੀਡੀਆ ਪ੍ਰਬੰਧਨ ਅਤੇ ਡਾਟਾ ਆਧਾਰਿਤ ਰਣਨੀਤੀਆਂ ਰਾਹੀਂ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾ ਸਕਦਾ ਹੈ | ਉਨ੍ਹਾਂ ਕਾਰਕੁਨਾਂ ਨੂੰ ਤਕਨਾਲੋਜੀਕਲ ਕੁਸ਼ਲਤਾ ਅਪਣਾਉਣ ਦੀ ਅਪੀਲ ਕੀਤੀ | ਮੀਟਿੰਗ ਵਿਚ ਜਗਦੀਸ਼ ਚੰਦਰ ਕਾਜਲਾ ਸਮੇਤ ਜ਼ਿਲ੍ਹਾ ਅਤੇ ਮੰਡਲ ਪੱਧਰ ਦੇ ਕਈ ਅਹੁਦੇਦਾਰ ਅਤੇ ਕਾਰਕੁਨ ਹਾਜ਼ਰ ਰਹੇ | ਸਮਾਪਤੀ ਮੌਕੇ ਸਾਰੇ ਹਾਜ਼ਰੀਨਾਂ ਨੇ ਸੰਗਠਨ ਨੂੰ ਜੜਾਂ ਤੱਕ ਮਜ਼ਬੂਤ ਕਰਨ ਦਾ ਸੰਕਲਪ ਦੁਹਰਾਇਆ |