ਨੂਰਪੁਰ ਬੇਦੀ, 23 ਫਰਵਰੀ (ਵਿੰਦਰਪਾਲ ਝਾਂਡੀਆਂ)-ਬਲੱਡ ਡੋਨਰਸ ਟੀਮ ਸੈਣੀਮਾਜਰਾ ਦੇ ਸਰਗਰਮ ਮੈਂਬਰ ਤੇ ਐਨ.ਆਰ.ਆਈ. ਜਗਦੀਸ਼ ਚੰਦਰ ਨੂਰਪੁਰ ਬੇਦੀ ਨੇ ਮਾਨਵਤਾ ਦੀ ਸੇਵਾ 'ਚ ਵਡਮੁੱਲਾ ਯੋਗਦਾਨ ਪਾਉਂਦਿਆਂ ਐਮਰਜੰਸੀ ਹਾਲਤਾਂ 'ਚ ਰੂਪਨਗਰ ਵਿਖੇ ਪਹੁੰਚ ਕੇ 50ਵੀਂ ਵਾਰ ਖ਼ੂਨਦਾਨ ਕਰਕੇ ਇਸ ਉੱਤਮ ਦੀ ਮਿਸਾਲ ਕਾਇਮ ਕੀਤੀ ਹੈ | ਇੱਥੇ ਦੱਸਦੀਏ ਨੂਰਪੁਰ ਬੇਦੀ ਦੇ ਜਗਦੀਸ਼ ਚੰਦਰ ਅਨੇਕਾਂ ਸਾਲਾਂ ਤੋਂ ਖ਼ੂਨਦਾਨ ਲਹਿਰ ਦਾ ਹਿੱਸਾ ਬਣੇ ਹੋਏ ਹਨ ਅਤੇ ਉਹ ਦੁਬਈ ਦੀ ਵਿਦੇਸ਼ੀ ਧਰਤੀ 'ਤੇ ਰਹਿੰਦੇ ਹੋਏ ਵੀ ਇਸ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਮਰਪਿਤ ਰਹੇ | ਡਿਊਟੀ ਦੌਰਾਨ ਦੁਬਈ ਵਿਖੇ ਵੀ ਉਨ੍ਹਾਂ ਨੇ ਕਈ ਵਾਰ ਖ਼ੂਨਦਾਨ ਕਰਕੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਨਿਭਾਈ | ਹੁਣ ਐਮਰਜੰਸੀ ਮੌਕੇ ਰੂਪਨਗਰ ਵਿਖੇ 50ਵੀਂ ਵਾਰ ਓ ਪਾਜ਼ੀਟਿਵ ਖ਼ੂਨਦਾਨ ਕਰਕੇ ਉਨ੍ਹਾਂ ਨੇ ਆਪਣਾ ਮਾਨਵਤਾ ਦੀ ਸੇਵਾ ਪ੍ਰਤੀ ਜਜ਼ਬਾ ਬਰਕਰਾਰ ਰੱਖਿਆ ਹੈ | ਇਸ ਵਿਸ਼ੇਸ਼ ਉਪਲਬਧੀ ਲਈ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡਚਲਵਾਲ ਵਲੋਂ ਜਗਦੀਸ਼ ਚੰਦਰ ਨੂੰ ਪ੍ਰਸ਼ੰਸਾ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਹੀ ਸਮਾਜ 'ਚ ਜਾਗਰੂਕਤਾ ਅਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ | ਇੱਥੇ ਇਹ ਵੀ ਦੱਸਣਯੋਗ ਹੈ ਕਿ ਜਗਦੀਸ਼ ਚੰਦਰ 'ਤੇ ਉਨ੍ਹਾਂ ਦੀ ਪਤਨੀ ਪੂਜਾ ਰਾਣੀ ਇਸ ਤੋਂ ਪਹਿਲਾਂ ਮਰਨ ਉਪਰੰਤ ਸਰੀਰ ਤੇ ਅੱਖਾਂ ਦਾਨ ਕਰਨ ਦਾ ਵੀ ਸੰਕਲਪ ਪੱਤਰ ਭਰ ਚੁੱਕੇ ਹਨ | ਉਨ੍ਹਾਂ ਦੇ ਇਸ ਵਧੀਆ ਕਾਰਜ ਅਤੇ ਸੋਚ ਦੀ ਬਲੱਡ ਡੋਨਰਜ਼ ਟੀਮ ਅਤੇ ਸਰਵਿੰਗ ਹੈਂਡਸ ਵੈੱਲਫੇਅਰ ਸੋਸਾਇਟੀ ਸੈਣੀਮਾਜਰਾ ਦੇ ਮੈਂਬਰਾਂ ਹੇਮੰਤ ਸੈਣੀ, ਹਰਮੇਸ਼ ਸੈਣੀ, ਹਰਦੀਪ ਸਿੰਘ ਸੀ.ਏ., ਜੋਗਿੰਦਰਪਾਲ, ਰੋਹਿਤ, ਮਨੀਸ਼ ਕੁਮਾਰ ਤੇ ਤਜਿੰਦਰਪਾਲ ਨੇ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ 50ਵੀਂ ਵਾਰ ਖ਼ੂਨਦਾਨ ਕਰਨਾ ਮਨੁੱਖਤਾ ਪ੍ਰਤੀ ਨਿਸ਼ਕਾਮ ਸੇਵਾ ਹੈ |