ਭਰਤਗੜ੍ਹ, 2 ਮਾਰਚ (ਜਸਬੀਰ ਸਿੰਘ ਬਾਵਾ)-ਸਥਾਨਕ ਪੀ.ਐਮ. ਸ੍ਰੀ. ਸ.ਸੀ.ਸੈ. ਸਕੂਲ 'ਚ ਅੱਜ ਸਮਬੰਧਿਤ ਅਧਿਆਪਕਾਂ ਨੇ ਸਕੂਲ ਮੁਖੀ ਰਮੇਸ਼ ਕੁਮਾਰ ਦੀ ਅਗਵਾਈ 'ਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਿੱਘੀ ਵਿਦਾਇਗੀ ਦੇਣ ਦੇ ਮੰਤਵ ਨਾਲ ਸੱਭਿਆਚਾਰਕ ਸਮਾਰੋਹ ਉਲੀਕਿਆ | ਇਸ ਦੌਰਾਨ ਸਕੂਲੀ ਵਿਦਿਆਰਥੀਆਂ ਨੇ ਗਿੱਧਾ-ਭੰਗੜਾ ਅਤੇ ਸੱਭਿਆਚਾਰਕ ਗੀਤਾਂ ਦੀ ਕੋਰੀਓਗ੍ਰਾਫੀ ਨਾਲ ਹਾਜਰੀਨਾਂ ਦਾ ਮਨ ਮੋਹਿਆ | ਮੁੱਖ ਮਹਿਮਾਨ ਵਜੋਂ ਪੰ.ਸ. ਸਿੱ. ਬੋਰਡ ਮੁਹਾਲੀ ਦੇ ਕੰਟਰੋਲਰ ਪ੍ਰੀਖਿਆਵਾਂ ਲਵਿਸ਼ ਸ਼ਰਮਾ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਸਾ. ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨਰਿੰਦਰ ਪੁਰੀ, ਜਥੇ. ਜਰਨੈਲ ਸਿੰਘ ਸਹੋਤਾ, ਸੈਣੀ ਵੈੱਲਫੇਅਰ ਬੋਰਡ ਪੰਜਾਬ ਦੇ ਮੈਂਬਰ ਜੁਝਾਰ ਸਿੰਘ ਮੁਲਤਾਨੀ, ਸਾ: ਸਰਪੰਚ ਸੁਖਦੀਪ ਸਿੰਘ ਰਾਣਾ ਅਤੇ ਸਮਾਜ ਸੇਵੀ ਸੁਖਜਿੰਦਰ ਸਿੰਘ ਭਾਓਵਾਲ, ਸਾ: ਫੌਜੀ ਸੁਖਪਾਲ ਸਿੰਘ ਮੱਖਣ, ਜਸਪਾਲ ਸਿੰਘ ਭਰਤਗੜ੍ਹ, ਸਟੇਟ ਐਵਾਰਡੀ ਗੁਰਚਰਨ ਆਲੋਵਾਲੀਆ ਨੇ ਸ਼ਮੂਲੀਅਤ ਕਰਕੇ ਇਸ ਸੈਸ਼ਨ ਦੌਰਾਨ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੁਣ ਹੋ ਰਹੀਆਂ ਪ੍ਰੀਖਿਆਵਾਂ ਦੌਰਾਨ ਵਧੀਆ ਅੰਕ ਲੈਣ ਲਈ ਉਤਸ਼ਾਹਿਤ ਕੀਤਾ | ਸਬੰਧਿਤ ਅਧਿਆਪਕਾਂ ਨੇ ਪਿਛਲੇ ਵਰ੍ਹੇ ਦੀ ਪ੍ਰਗਤੀ ਰਿਪੋਰਟ ਅਨੁਸਾਰ ਬੋਰਡ ਦੀਆਂ ਪ੍ਰੀਖਿਆਵਾਂ ਅਤੇ ਹੋਰਨਾਂ ਪ੍ਰੀਖਿਆਵਾਂ 'ਚ ਵਧੀਆ ਵਿਦਿਅਕ ਨਤੀਜਿਆਂ ਵਾਲੇ ਬੱਚਿਆਂ ਅਤੇ ਹਰੇਕ ਗਤੀਵਿਧੀਆਂ 'ਚ ਅੱਵਲ ਰਹੇ ਬੱਚਿਆਂ ਨੂੰ ਸਨਮਾਨਿਤ ਕੀਤਾ | ਸਕੂਲ ਮੁਖੀ ਨੇ ਮਹਿਮਾਨਾਂ, ਹਾਜਰੀਨਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੌਮੀ ਮਾਰਗ ਨਿਰਮਾਣ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਇਮਾਰਤ ਦਾ ਕਾਫ਼ੀ ਹਿੱਸਾ ਨਵੇਂ ਨਿਰਮਾਣ ਲਈ ਆ ਗਿਆ ਹੈ, ਸਾਨੂੰ ਮੁਆਵਜ਼ਾ ਦੇਣ ਦੇ ਨਾਲ-ਨਾਲ ਹਦਾਇਤ ਵੀ ਮਿਲੀ ਹੈ, ਲੋੜ ਮੁਤਾਬਿਕ ਨਵੀਂ ਥਾਂ 'ਤੇ ਸਕੂਲ ਦੀ ਇਮਾਰਤ ਬਣੇਗੀ, ਉਕਤ ਥਾਂ 'ਤੇ ਜਾਣ ਵਾਸਤੇ ਲੋੜੀਂਦੇ ਰਸਤੇ ਲਈ ਜ਼ਮੀਨ ਦੇਣ ਵਾਲੇ ਮਾਲਕਾਂ ਨੇ ਵਧੀਆ ਉਪਰਾਲਾ ਕੀਤਾ ਹੈ | ਮਹਿਮਾਨਾਂ ਅਤੇ ਸਕੂਲੀ ਅਧਿਆਪਕਾਂ ਨੇ ਜ਼ਮੀਨ ਨਾਲ ਸਬੰਧਿਤ ਦਾਨੀ ਸੱਜਣਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਮੰਚ ਸੰਚਾਲਕ ਦੀ ਜ਼ਿੰਮੇਵਾਰੀ ਲੈਕ. ਰੁਪਿੰਦਰ ਕੌਰ ਅਤੇ ਲੈਕ. ਗੁਰਨਾਮ ਸਿੰਘ ਨੇ ਨਿਭਾਈ |