ਸ੍ਰੀ ਚਮਕੌਰ ਸਾਹਿਬ, 5 ਮਾਰਚ (ਜਗਮੋਹਣ ਸਿੰਘ ਨਾਰੰਗ)-ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਵਿਚਾਲੇ 100 ਕੁ ਮੀਟਰ ਦੇ 10 ਕੁ ਫੁੱਟ ਚੌੜੇ ਰਾਸਤੇ ਵਿਚ ਲੱਗ ਰਹੀਆਂ ਨਾਜਾਇਜ਼ ਦੁਕਾਨਾਂ ਅਤੇ ਦੁਕਾਨਦਾਰਾਂ ਵਲੋਂ ਰਸਤੇ 'ਚ ਦੋਵੇਂ ਪਾਸੇ ਰੱਖੇ ਸਾਮਾਨ ਕਾਰਨ ਜਿੱਥੇ ਸੰਗਤ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਆਬਾਦੀ 'ਚ ਰਹਿੰਦੇ ਲੋਕਾਂ ਨੂੰ ਵੀ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੰਬੰਧੀ ਕਈ ਵਾਰ ਨਗਰ ਕੌਂਸਲ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਅਪੀਲਾਂ ਕੀਤੀਆਂ ਜਾ ਚੁੱਕੀਆਂ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ | ਇੱਥੇ ਇਹ ਦੱਸਣਯੋਗ ਹੈ ਇਸ ਰਸਤੇ ਦੇ ਇੱਕ ਪਾਸੇ ਦੁਕਾਨਾਂ ਹਨ ਤੇ ਦੂਜੇ ਪਾਸੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੀ ਦੀਵਾਰ ਹੈ ਜਿਸ ਨਾਲ ਲੱਗੀਆਂ ਦੁਕਾਨਾਂ ਨੇ ਇਸ ਰਸਤੇ 'ਚੋਂ ਲਾਂਘੇ ਨੂੰ ਬਹੁਤ ਹੀ ਬੌਣਾ ਬਣਾ ਦਿੱਤਾ ਹੈ | ਗੁਰਦੁਆਰਾ ਗੜ੍ਹੀ ਸਾਹਿਬ ਜਾਣ ਵਾਲੀ ਸੰਗਤ ਅਤੇ ਨੇੜਲੇ ਆਬਾਦੀ 'ਚ ਰਹਿੰਦੇ ਲੋਕਾਂ ਦੇ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਲਈ ਵੀ ਇਹੀ ਲਾਂਘਾ ਹੈ, ਪਰ ਹੁਣ ਇਸ ਪੈਦਾ ਹੋ ਰਹੀ ਰੁਕਾਵਟ ਕਾਰਨ ਲੋਕ ਹੁਣ ਇਸ 100 ਮੀਟਰ ਦੇ ਰਸਤੇ ਦੀ ਥਾਂ 2 ਕਿੱਲੋਮੀਟਰ ਲੰਮਾ ਰਾਸਤਾ ਤੈਅ ਕਰ ਰਹੇ ਹਨ | ਪਿਛਲੇ ਦਿਨੀ ਨਗਰ ਕੌਂਸਲ ਨੇ ਆ ਰਹੀਆਂ ਸ਼ਿਕਾਇਤਾਂ ਉਪਰੰਤ ਸਮਾਨ ਚੁਕਵਾਇਆ ਵੀ ਸੀ, ਪਰ 5 ਮਿੰਟ ਬਾਅਦ ਮੁੜ ਸਾਮਾਨ ਗਲੀ ਵਿਚ ਆ ਗਿਆ | ਲੋਕਾਂ ਦੀ ਮੰਗ ਹੈ ਕਿ ਇਸ ਰਾਸਤੇ ਵਿਚੋਂ ਵਾਧੂ ਪਿਆ ਸਮਾਨ ਚੁਕਵਾਇਆ ਜਾਵੇ |