ਸ੍ਰੀ ਅਨੰਦਪੁਰ ਸਾਹਿਬ, 6 ਮਾਰਚ (ਜੇ. ਐਸ. ਨਿੱਕੂਵਾਲ)-ਸ੍ਰੋਮਣੀ ਅਕਾਲੀ ਦਲ ਪੰਜਾਬ ਦੇ ਪ੍ਰਚਾਰ ਸਕੱਤਰ ਜਥੇਦਾਰ ਸੁਖਜੀਤ ਸਿੰਘ ਬਘੌਰਾ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਰਘਵੀਰ ਸਿੰਘ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਿਲਾਫ਼ ਬਿਨਾ ਸਬੂਤਾਂ ਤੋਂ ਬਿਆਨਬਾਜ਼ੀ ਕਰਕੇ ਸੰਗਤਾਂ ਦੇ ਮਨਾ 'ਚ ਭਰਮ ਭੁਲੇਖੇ ਪਾਏ ਜਾ ਰਹੇ ਹਨ ਅਤੇ ਸਿੱਖ ਪੰਥ ਨੂੰ ਇਕ ਮੁਸੀਬਤ ਵਿਚ ਖੜ੍ਹਾ ਕਰ ਦਿੱਤਾ ਹੈ, ਜੋ ਕਿ ਅਜਿਹੇ ਸਤਿਕਾਰਯੋਗ ਅਹੁਦਿਆਂ 'ਤੇ ਰਹਿ ਚੁੱਕੀਆਂ ਸ਼ਖ਼ਸੀਅਤਾਂ ਲਈ ਬਹੁਤ ਹੀ ਮੰਦਭਾਗੀ ਗੱਲ ਹੈ | ਉਨ੍ਹਾਂ ਕਿਹਾ ਕਿ ਗਿਆਨੀ ਰਘਵੀਰ ਸਿੰਘ ਕਿਸੇ ਸਿਆਸੀ ਧਿਰ ਦੇ ਹੱਥਾਂ ਵਿਚ ਖੇਡ ਰਹੇ ਹਨ ਕਿਉਂਕਿ ਉਹ ਖ਼ੁਦ ਵੱਖ-ਵੱਖ ਅਹੁਦਿਆਂ ਤੇ ਸੇਵਾਵਾਂ ਨਿਭਾ ਚੁੱਕੇ ਹਨ ਤੇ ਇਕ ਧਾਰਮਿਕ ਸ਼ਖ਼ਸੀਅਤਾਂ ਵਜੋਂ ਜਾਣੇ ਜਾਂਦੇ ਹਨ | ਜਥੇਦਾਰ ਬਘੌਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗ ਕੀਤੀ ਕਿ ਪੰਜ ਸਿੰਘ ਸਾਹਿਬਾਨ ਦੀ ਜਲਦ ਇਕੱਤਰਤਾ ਸੱਦ ਕੇ ਇਨ੍ਹਾਂ ਮਾਮਲਿਆਂ ਨੂੰ ਵਿਚਾਰਿਆ ਜਾਵੇ ਤਾਂਕਿ ਸੱਚ ਲੋਕਾਂ ਸਾਹਮਣੇ ਆ ਸਕੇ |