ਬੇਲਾ, 7 ਮਾਰਚ (ਮਨਜੀਤ ਸਿੰਘ ਸੈਣੀ)-ਸਰਕਾਰੀ ਪ੍ਰਾਇਮਰੀ ਸਕੂਲ ਅਸਰਪੁਰ ਬਲਾਕ ਸਲੌਰਾ ਵਿਖੇ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਸਟੇਸ਼ਨਰੀ ਅਤੇ ਕਾਰਡ ਬੋਰਡ ਵੰਡਣ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ | ਇਸ ਮੌਕੇ ਸਕੂਲ ਮੁਖੀ ਹਿੰਮਤ ਸਿੰਘ ਤੇ ਅਧਿਆਪਕ ਗੁਰਮੀਤ ਸਿੰਘ ਵਲੋਂ ਸੀ. ਐੱਚ. ਟੀ. ਮੈਡਮ ਕਮਲਜੀਤ ਕੌਰ ਤੇ ਅਧਿਆਪਕ ਇੰਦਰਜੀਤ ਸਿੰਘ ਦੀ ਅਗਵਾਈ ਹੇਠ 2025-26 ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਲੋੜੀਂਦਾ ਸਟੇਸ਼ਨਰੀ ਸਾਮਾਨ ਤੇ ਕਾਰਡ ਬੋਰਡ ਮੁਹੱਈਆ ਕਰਵਾਏ ਗਏ | ਇਸ ਮੌਕੇ ਸੀ. ਐੱਚ. ਟੀ. ਮੈਡਮ ਕਮਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਮਨ ਲਾ ਕੇ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਅਸ਼ੀਰਵਾਦ ਦਿੱਤਾ | ਉਨ੍ਹਾਂ ਕਿਹਾ ਕਿ ਮਿਹਨਤ, ਅਨੁਸ਼ਾਸਨ ਤੇ ਅਧਿਆਪਕਾਂ ਦੀ ਰਹਿਨੁਮਾਈ ਨਾਲ ਬੱਚੇ ਆਪਣੇ ਜੀਵਨ ਵਿਚ ਵੱਡੀਆਂ ਉਪਲਬਧੀਆਂ ਹਾਸਿਲ ਕਰ ਸਕਦੇ ਹਨ | ਇਸ ਦੌਰਾਨ ਸਕੂਲ ਮੁਖੀ ਹਿੰਮਤ ਸਿੰਘ ਵਲੋਂ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਦੀ ਸਫ਼ਾਈ ਵੀ ਕਰਵਾਈ ਗਈ ਅਤੇ ਪੂਰੇ ਸਕੂਲ ਕੈਂਪਸ ਨੂੰ ਸਾਫ਼-ਸੁਥਰਾ ਬਣਾਇਆ | ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਸਾਫ਼-ਸੁਥਰਾ ਤੇ ਸੁਚੱਜਾ ਵਾਤਾਵਰਨ ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ਲਈ ਬਹੁਤ ਜ਼ਰੂਰੀ ਹੈ | ਇਸ ਮੌਕੇ ਮਨਜੀਤ ਕੌਰ ਤੇ ਦਲਜੀਤ ਕੌਰ ਸਮੇਤ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ | ਸਕੂਲ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿਚ ਚੰਗੇ ਅੰਕ ਪ੍ਰਾਪਤ ਕਰਨ ਅਤੇ ਸਕੂਲ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ |