ਨੂਰਪੁਰ ਬੇਦੀ, 7 ਮਾਰਚ (ਹਰਦੀਪ ਸਿੰਘ ਢੀਂਡਸਾ)-ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਸਰਕਾਰੀ ਕਾਲਜ (ਲੜਕੀਆਂ) ਗੁਰੂ ਕਾ ਖੂਹ ਮੁੰਨੇ ਵਿਖੇ 7 ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਕਵਿਤਾਵਾਂ ਅਤੇ ਭਾਸ਼ਨ ਪੇਸ਼ ਕੀਤੇ, ਜਿਨ੍ਹਾਂ ਨੇ ਸਮੂਹ ਹਾਜ਼ਰੀ ਨੂੰ ਪ੍ਰਭਾਵਿਤ ਕੀਤਾ | ਸਮਾਗਮ ਦਾ ਮੁੱਖ ਉਦੇਸ਼ ਮਹਿਲਾਵਾਂ ਦੀ ਸ਼ਕਤੀਕਰਨ, ਬਰਾਬਰੀ ਅਤੇ ਸਮਾਜ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਨੂੰ ਸਲਾਮ ਕਰਨਾ ਸੀ | ਸਮਾਗਮ ਵਿਚ ਵਿਦਿਆਰਥਣਾਂ ਮੋਨਿਕਾ, ਮਨੀਸ਼ਾ, ਮਨਪ੍ਰੀਤ ਕੌਰ, ਬਲਜੋਤ ਕੌਰ, ਸੁਮਨ, ਰਜਿਤਾ, ਕੋਮਲ, ਅਰਸ਼ਿਤਾ, ਨਵਦੀਪ, ਹਰਸਿਮਰਨ ਅਤੇ ਹਰਮਨ ਨੇ ਆਪਣੀਆਂ ਸੁੰਦਰ ਕਵਿਤਾਵਾਂ ਤੇ ਪ੍ਰੇਰਨਾਦਾਇਕ ਭਾਸ਼ਣਾਂ ਪੇਸ਼ ਕੀਤੀਆਂ | ਇਨ੍ਹਾਂ ਵਿਦਿਆਰਥਣਾਂ ਨੇ ਮਹਿਲਾਵਾਂ ਦੇ ਅਧਿਕਾਰਾਂ, ਸਿੱਖਿਆ, ਸਸ਼ਕਤੀਕਰਨ, ਘਰੇਲੂ ਹਿੰਸਾ ਵਿਰੋਧ ਤੇ ਸਮਾਜ ਵਿਚ ਉਨ੍ਹਾਂ ਦੀ ਬਰਾਬਰੀ ਵਾਲੀ ਭੂਮਿਕਾ ਬਾਰੇ ਡੂੰਘੇ ਵਿਚਾਰ ਪੇਸ਼ ਕੀਤੇ | ਉਨ੍ਹਾਂ ਦੀਆਂ ਭਾਵੁਕ ਰਚਨਾਵਾਂ ਨੇ ਸਾਰੇ ਹਾਜ਼ਰੀ ਦੇ ਮਨਾਂ ਨੂੰ ਛੂਹ ਲਿਆ ਅਤੇ ਮਹਿਲਾ ਦਿਵਸ ਦੇ ਸੰਦੇਸ਼ ਨੂੰ ਹੋਰ ਮਜ਼ਬੂਤ ਕੀਤਾ | ਇਸ ਵਿਸ਼ੇਸ਼ ਮੌਕੇ 'ਤੇ ਕਾਲਜ ਦੀਆਂ ਅਧਿਆਪਕਾਂ ਸ੍ਰੀਮਤੀ ਕਰਮਜੀਤ ਕੌਰ ਅਤੇ ਸ੍ਰੀਮਤੀ ਦਲਜੀਤ ਕੌਰ ਨੂੰ ਉਨ੍ਹਾਂ ਦੀਆਂ ਲੰਮੇ ਸਮੇਂ ਦੀਆਂ ਸੇਵਾਵਾਂ ਲਈ ਵਿਸ਼ੇਸ਼ ਸਨਮਾਨਿਤ ਕੀਤਾ ਗਿਆ | ਇਸ ਸਨਮਾਨ ਨਾਲ ਹਾਜ਼ਰ ਸਾਰੇ ਲੋਕਾਂ ਨੇ ਤਾੜੀਆਂ ਦੀ ਗੜਗੜਾਹਟ ਨਾਲ ਉਨ੍ਹਾਂ ਦੀਆਂ ਸੇਵਾਵਾਂ ਨੂੰ ਸਲਾਮ ਕੀਤਾ | ਡਾ. ਪਰਮਜੀਤ ਸਿੰਘ ਨੇ ਸਾਰੀਆਂ ਵਿਦਿਆਰਥਣਾਂ, ਅਧਿਆਪਕਾਂ ਅਤੇ ਸਨਮਾਨਿਤ ਮਹਿਲਾਵਾਂ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦਾ ਸ਼ਕਤੀਕਰਨ ਸਿਰਫ਼ ਇਕ ਦਿਨ ਦੀ ਗੱਲ ਨਹੀਂ, ਸਗੋਂ ਰੋਜ਼ਾਨਾ ਜੀਵਨ ਦਾ ਹਿੱਸਾ ਬਣਨਾ ਚਾਹੀਦਾ ਹੈ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਿੱਖਿਆ, ਹੌਸਲੇ ਅਤੇ ਨੈਤਿਕਤਾ ਨਾਲ ਅੱਗੇ ਵਧਣ ਦੀ ਸਲਾਹ ਦਿੱਤੀ ਤਾਂ ਜੋ ਉਹ ਸਮਾਜ 'ਚ ਆਪਣੀ ਮਜ਼ਬੂਤ ਭੂਮਿਕਾ ਨਿਭਾ ਸਕਣ | ਧੰਨਵਾਦੀ ਮਤਾ ਪੇਸ਼ ਕਰਦਿਆਂ ਮੈਡਮ ਨਿਸ਼ਾ ਨੇ ਕਿਹਾ ਕਿ ਇਹ ਸਮਾਗਮ ਕਾਲਜ 'ਚ ਮਹਿਲਾ ਸ਼ਕਤੀਕਰਨ ਅਤੇ ਬਰਾਬਰੀ ਦੇ ਸੰਦੇਸ਼ ਨੂੰ ਮਜ਼ਬੂਤ ਕਰਨ ਵਾਲਾ ਇਕ ਯਾਦਗਾਰੀ ਪ੍ਰਸੰਗ ਬਣ ਗਿਆ | ਸਮਾਗਮ 'ਚ ਡਾ. ਨਿਧੀ ਬਾਲਾ, ਡਾ. ਪਰਮਜੀਤ ਸਿੰਘ, ਮੈਡਮ ਨਿਸ਼ਾ, ਮੈਡਮ ਗੁਰਜੀਤ ਕੌਰ, ਮੈਡਮ ਹਰਪਾਲ ਕੌਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਹਰਵਿੰਦਰ ਕੌਰ, ਪਰਮਜੀਤ ਸਿੰਘ, ਪਵਨਜੀਤ ਕੌਰ ਅਤੇ ਮੈਡਮ ਸਿਮਰਨ ਕੌਰ ਸਮੇਤ ਕਾਲਜ ਦੇ ਸਾਰੇ ਅਧਿਆਪਕ ਅਤੇ ਸਟਾਫ਼ ਮੈਂਬਰ ਹਾਜ਼ਰ ਰਹੇ |