ਢੇਰ, 8 ਮਾਰਚ (ਸ਼ਿਵ ਕੁਮਾਰ ਕਾਲੀਆ)-ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਜਿਵੇਂ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ Tਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾU ਤਹਿਤ ਮਹਿਲਾਵਾਂ ਨੂੰ 1000 ਰੁਪਏ ਅਤੇ ਅਨੁਸੂਚਿਤ ਜਾਤੀ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ, ਤਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਗ੍ਰਹਿ ਪਿੰਡ ਗੰਭੀਰਪੁਰ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ | ਵੱਡੀਆਂ ਐਲ.ਈ.ਡੀ. ਸਕਰੀਨਾਂ 'ਤੇ ਬਜਟ ਦਾ ਲਾਈਵ ਪ੍ਰਸਾਰਣ ਦੇਖ ਰਹੀਆਂ ਹਜ਼ਾਰਾਂ ਮਹਿਲਾਵਾਂ ਨੇ ਢੋਲ ਦੀ ਥਾਪ 'ਤੇ ਭੰਗੜੇ ਪਾ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਸਵੇਰ ਤੋਂ ਹੀ ਵੱਡੀ ਗਿਣਤੀ 'ਚ ਮਹਿਲਾਵਾਂ ਅਤੇ ਇਲਾਕੇ ਦੇ ਪਤਵੰਤੇ ਨਾਗਰਿਕ ਲਾਈਵ ਪ੍ਰਸਾਰਣ ਦੇਖਣ ਲਈ ਇਕੱਠੇ ਹੋ ਗਏ ਸਨ | ਐਲਾਨ ਹੋਣ ਦੇ ਨਾਲ ਹੀ ਮਹਿਲਾਵਾਂ ਨੇ ਢੋਲ ਦੀ ਧੁਨ 'ਤੇ ਨੱਚਦਿਆਂ ਅਤੇ ਪਟਾਕੇ ਚਲਾ ਕੇ ਆਪਣੀ ਖ਼ੁਸ਼ੀ ਮਨਾਈ ਅਤੇ ਭਗਵੰਤ ਮਾਨ ਸਰਕਾਰ ਦੇ ਹੱਕ 'ਚ ਨਾਅਰੇਬਾਜ਼ੀ ਕੀਤੀ | ਇਸ ਮੌਕੇ ਬਜਟ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਯੂਨੀਵਰਸਿਟੀ, ਜੱਚਾ-ਬੱਚਾ ਸੰਭਾਲ ਕੇਂਦਰ, ਟਰੋਮਾ ਸੈਂਟਰ ਅਤੇ ਪ੍ਰਸ਼ਾਸਕੀ ਕੰਪਲੈਕਸ ਬਣਾਉਣ ਦੇ ਐਲਾਨਾਂ 'ਤੇ ਵੀ ਇਲਾਕਾ ਵਾਸੀਆਂ ਨੇ ਖ਼ੁਸ਼ੀ ਜਤਾਈ | ਇਸ ਮੌਕੇ ਡਾ. ਸੰਜੀਵ ਗੌਤਮ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ, ਜਸਪਾਲ ਢਾਹੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਮਮਤਾ ਰਾਣੀ ਚੇਅਰਪਰਸਨ ਬਲਾਕ ਸੰਮਤੀ, ਸੀਮਾ ਦੇਵੀ ਉਪ ਚੇਅਰਪਰਸਨ, ਸੋਹਣ ਸਿੰਘ ਬੈਂਸ, ਬਲਵਿੰਦਰ ਕੌਰ ਬੈਂਸ, ਸਰਪੰਚ ਮੀਨਾ ਕਾਲੀਆਂ, ਸਾਬਕਾ ਚੇਅਰਮੈਨ ਰਾਕੇਸ਼ ਚੌਧਰੀ ਅਤੇ ਸਰਪੰਚ ਲੱਕੀ ਕਪਲਾ ਸਮੇਤ ਹੋਰ ਆਗੂ ਮੌਜੂਦ ਸਨ |