ਸੰਤੋਖਗੜ੍ਹ/ਸੁਖਸਾਲ, 10 ਮਾਰਚ (ਧਰਮ ਪਾਲ)-11 ਮਾਰਚ ਨੂੰ ਰਾਏਪੁਰ ਸਹੋੜਾਂ, ਮਹਿਤਪੁਰ 'ਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ.ਓ.ਸੀ.ਐਲ) ਬੌਟਲਿੰਗ ਪਲਾਂਟ ਵਿਖੇ ਇਕ ਉਦਯੋਗਿਕ ਆਫ਼ਤ ਮੌਕ ਡਰਿੱਲ ਆਯੋਜਿਤ ਕੀਤੀ ਜਾਵੇਗੀ | ਇਹ ਮੌਕ ਅਭਿਆਸ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀ ਊਨਾ ਦੁਆਰਾ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਦੀ 14ਵੀਂ ਬਟਾਲੀਅਨ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ | ਇਹ ਜਾਣਕਾਰੀ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਕਾਰਜਕਾਰੀ ਚੇਅਰਮੈਨ ਮਹਿੰਦਰ ਪਾਲ ਗੁੱਜਰ ਅਤੇ ਵਧੀਕ ਡਿਪਟੀ ਕਮਿਸ਼ਨਰ (ਏ.ਡੀ.ਸੀ.) ਊਨਾ ਦੁਆਰਾ ਮੌਕ ਅਭਿਆਸ ਦੇ ਸਫਲ ਆਯੋਜਨ ਲਈ ਕੀਤੀ ਮੀਟਿੰਗ ਦੌਰਾਨ ਦਿੱਤੀ | ਉਨ੍ਹਾਂ ਦੱਸਿਆ ਕਿ ਮੌਕ ਅਭਿਆਸ ਦੀਆਂ ਤਿਆਰੀਆਂ ਦੀ ਵਿਸਤਰਿਤ ਸਮੀਖਿਆ ਸਾਰੇ ਵਿਭਾਗਾਂ ਨਾਲ ਕੀਤੀ ਗਈ ਅਤੇ ਕਿਸੇ ਵੀ ਆਫ਼ਤ ਦੀ ਸਥਿਤੀ ਵਿਚ ਤੁਰੰਤ ਅਤੇ ਪ੍ਰਭਾਵਸ਼ਾਲੀ ਪ੍ਰਤੀਕਿਰਿਆ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ ਸਥਾਪਿਤ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ | ਇਸ ਮੀਟਿੰਗ ਵਿਚ ਐਨ.ਡੀ.ਆਰ.ਐਫ.ਟੀਮ, ਫਾਇਰ ਵਿਭਾਗ, ਹੋਮ ਗਾਰਡ, ਪੁਲਿਸ, ਸਿਹਤ ਵਿਭਾਗ ਅਤੇ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਸ਼ਾਮਿਲ ਹੋਏ | ਇਸ ਮੌਕੇ ਏ.ਡੀ.ਸੀ. ਨੇ ਕਿਹਾ ਕਿ ਇਸ ਮੌਕ ਅਭਿਆਸ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿਚ ਉਦਯੋਗਿਕ ਆਫ਼ਤਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਲਈ ਤਿਆਰੀ ਦੀ ਸਮੀਖਿਆ ਕਰਨਾ, ਵੱਖ-ਵੱਖ ਵਿਭਾਗਾਂ ਦੇ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀਆਂ ਅਤੇ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਦੀ ਜਾਂਚ ਕਰਨਾ ਅਤੇ ਪੁਲਿਸ, ਫਾਇਰ ਵਿਭਾਗ, ਸਿਹਤ ਵਿਭਾਗ, ਹੋਮ ਗਾਰਡ ਅਤੇ ਹੋਰ ਸੰਬੰਧਿਤ ਵਿਭਾਗਾਂ ਵਿਚਕਾਰ ਤਾਲਮੇਲ ਨੂੰ ਹੋਰ ਮਜ਼ਬੂਤ ਕਰਨਾ ਸੀ |