ਰੂਪਨਗਰ, 10 ਮਾਰਚ (ਸਤਨਾਮ ਸਿੰਘ ਸੱਤੀ)-ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਐਮ.ਸੀ.ਸੀ.-ਕਮ-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਲੋਂ ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਰੁਜ਼ਗਾਰ ਕੈਂਪ ਲਗਾਇਆ ਗਿਆ | ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਅਦਿੱਤਿਆ ਬਿਰਲਾ ਕੈਪੀਟਲ ਲਿਮਟਿਡ ਕੰਪਨੀ ਵੱਲੋਂ ਵੱਖ-ਵੱਖ ਅਸਾਮੀਆਂ ਲਈ ਇੰਟਰਵਿਊ ਕੀਤੇ ਗਏ | ਕੰਪਨੀ ਵਲੋਂ ਏਜੰਸੀ ਮੈਨੇਜਰ ਦੀਆਂ 13 ਅਤੇ ਸ਼ਾਖਾ ਰਿਲੇਸ਼ਨਸ਼ਿਪ ਅਫ਼ਸਰ ਦੀਆਂ 11 ਅਸਾਮੀਆਂ ਲਈ ਭਰਤੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਨੂੰ ਲਗਭਗ 3.5 ਲੱਖ ਰੁਪਏ ਸਾਲਾਨਾ ਤਨਖ਼ਾਹ ਦੇ ਨਾਲ ਪ੍ਰੋਤਸਾਹਨ ਵੀ ਦਿੱਤੇ ਜਾਣਗੇ ਅਤੇ ਉਨ੍ਹਾਂ ਦੀ ਤਾਇਨਾਤੀ ਰੂਪਨਗਰ, ਸ਼੍ਰੀ ਅਨੰਦਪੁਰ ਸਾਹਿਬ, ਮੋਹਾਲੀ ਅਤੇ ਚੰਡੀਗੜ੍ਹ ਟਰਾਈ ਸਿਟੀ ਵਿਚ ਕੀਤੀ ਜਾਵੇਗੀ | ਯੰਗ ਪ੍ਰੋਫੈਸ਼ਨਲ ਕੰਚਨ ਪਾਂਡੇ ਨੇ ਦੱਸਿਆ ਕਿ ਇਸ ਰੁਜ਼ਗਾਰ ਕੈਂਪ ਵਿਚ 29 ਉਮੀਦਵਾਰਾਂ ਨੇ ਭਾਗ ਲਿਆ, ਜਿਨ੍ਹਾਂ ਵਿਚੋਂ 12 ਉਮੀਦਵਾਰਾਂ ਦੀ ਨੌਕਰੀ ਲਈ ਚੋਣ ਹੋਈ, ਜਦਕਿ 19 ਉਮੀਦਵਾਰਾਂ ਨੂੰ ਅਗਲੇ ਗੇੜ ਦੀ ਇੰਟਰਵਿਊ ਲਈ ਸ਼ਾਰਟ ਲਿਸਟ ਕੀਤਾ ਗਿਆ |