ਰੂਪਨਗਰ, 27 ਮਾਰਚ (ਸਤਨਾਮ ਸਿੰਘ ਸੱਤੀ)-ਹੈੱਡ ਵਰਕਸ ਰੋਪੜ ਦੀ ਸੁੰਦਰਤਾ ਅਤੇ ਵਿਕਾਸ ਕਾਰਜਾਂ ਨਾਲ ਜਿੱਥੇ ਸ਼ਹਿਰ ਵਾਸੀ ਖ਼ੁਸ਼ ਨਜ਼ਰ ਆ ਰਹੇ ਸਨ, ਉੱਥੇ ਹੀ ਹੁਣ ਸਿੰਚਾਈ ਵਿਭਾਗ ਵਲੋਂ ਦੋ ਪਹੀਆ ਵਾਹਨਾਂ ਲਈ ਗੇਟ ਖੋਲ੍ਹੇ ਜਾਣ ਕਾਰਨ ਲੋਕਾਂ ਵਿਚ ਨਾਰਾਜ਼ਗੀ ਵਧ ਰਹੀ ਹੈ | ਸਵੇਰ ਤੋਂ ਸ਼ਾਮ ਤੱਕ ਇੱਥੋਂ ਸੈਂਕੜੇ ਵਾਹਨ ਲੰਘਦੇ ਹਨ, ਜਿਸ ਨਾਲ ਸੈਰ ਕਰਨ ਆਉਣ ਵਾਲੇ ਲੋਕਾਂ ਅਤੇ ਸੈਲਾਨੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਕਈ ਵਾਹਨ ਚਾਲਕ ਤੇਜ਼ ਰਫ਼ਤਾਰ ਨਾਲ ਗੁਜ਼ਰਦੇ ਹਨ, ਜਿਸ ਨਾਲ ਸੁਰੱਖਿਆ ਸੰਬੰਧੀ ਖ਼ਤਰੇ ਵੀ ਪੈਦਾ ਹੋ ਰਹੇ ਹਨ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਹੈੱਡ ਵਰਕਸ ਤੋਂ ਮਹਿਜ ਅੱਧਾ ਕਿੱਲੋਮੀਟਰ ਦੂਰੀ 'ਤੇ ਨਵਾਂ ਲੋਹੇ ਦਾ ਸੁੰਦਰ ਪੁਲ ਤਿਆਰ ਹੋ ਚੁੱਕਾ ਹੈ, ਪਰ ਲੋਕ ਆਸਾਨ ਰਸਤੇ ਦੇ ਚਲਦੇ ਗੇਟਾਂ ਵਿਚੋਂ ਲੰਘਣ ਨੂੰ ਤਰਜੀਹ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਜਿੱਥੇ ਚੰਡੀਗੜ੍ਹ ਵਰਗੇ ਸ਼ਹਿਰਾਂ ਵਿਚ ਲੋਕ ਟਰੈਫ਼ਿਕ ਨਿਯਮਾਂ ਪਾਰਕਿੰਗ ਨਿਯਮਾਂ ਦੀ ਪਾਲਣਾ ਕਰਦੇ ਹਨ, ਉੱਥੇ ਛੋਟੇ ਸ਼ਹਿਰਾਂ ਵਿਚ ਇਸ ਪ੍ਰਤੀ ਲਾਪਰਵਾਹੀ ਵੇਖਣ ਨੂੰ ਮਿਲਦੀ ਹੈ | ਲੋਕਾਂ ਨੇ ਸਿੰਚਾਈ ਵਿਭਾਗ 'ਤੇ ਵੀ ਸਵਾਲ ਉਠਾਏ ਕਿ ਕਦੇ ਗੇਟ ਬੰਦ ਕੀਤੇ ਜਾਂਦੇ ਹਨ ਤੇ ਕਦੇ ਖੋਲ੍ਹ ਦਿੱਤੇ ਜਾਂਦੇ ਹਨ, ਜਿਸ ਨਾਲ ਸਥਿਤੀ ਗੁੰਝਲਦਾਰ ਬਣ ਰਹੀ ਹੈ | ਪਹਿਲਾਂ ਮੁੱਖ ਗੇਟ 'ਤੇ ਰਿਵਾਲਵਿੰਗ ਗੇਟ ਸੀ, ਜਿਸ ਤੋਂ ਕੇਵਲ ਪੈਦਲ ਆਵਾਜਾਈ ਹੁੰਦੀ ਸੀ, ਪਰ ਹੁਣ ਵੱਡਾ ਗੇਟ ਲਗਾ ਦਿੱਤਾ ਗਿਆ ਹੈ ਜੋ ਅਕਸਰ ਖੁੱਲ੍ਹਾ ਰਹਿੰਦਾ ਹੈ | ਸੀ.ਆਈ.ਏ. ਸਟਾਫ਼ ਸਾਹਮਣੇ ਵਾਲਾ ਗੇਟ ਵੀ ਦੋ ਪਹੀਆ ਵਾਹਨਾਂ ਲਈ ਖੋਲਿ੍ਹਆ ਗਿਆ ਹੈ | ਸੈਰ ਕਰਨ ਆਉਣ ਵਾਲੇ ਬੱਚੇ, ਬਜ਼ੁਰਗ ਅਤੇ ਮਹਿਲਾਵਾਂ ਨੂੰ ਇਸ ਕਾਰਨ ਕਾਫ਼ੀ ਮੁਸ਼ਕਲਾਂ ਆ ਰਹੀਆਂ ਹਨ | ਸ਼ਹਿਰ ਵਾਸੀਆਂ ਨੇ ਕਿਹਾ ਕਿ ਲੋਦੀ ਮਾਜਰਾ ਅਤੇ ਨੇੜਲੇ ਪਿੰਡਾਂ ਦੇ ਲੋਕ ਵੀ ਸਾਡੇ ਆਪਣੇ ਹਨ, ਪਰ ਉਹਨਾਂ ਨੂੰ ਵੀ ਨਵੇਂ ਪੁਲ ਰਾਹੀਂ ਆਵਾਜਾਈ ਕਰਨੀ ਚਾਹੀਦੀ ਹੈ, ਕਿਉਂਕਿ ਅੱਧਾ ਕਿਲੋਮੀਟਰ ਵਧੇਰੇ ਸਫ਼ਰ ਨਾਲ ਕੋਈ ਵੱਡੀ ਦਿੱਕਤ ਨਹੀਂ ਆਉਂਦੀ | ਉਨ੍ਹਾਂ ਕਿਹਾ ਕਿ ਰੂਪਨਗਰ ਦੀ ਇਹ ਇੱਕੋ ਇੱਕ ਮੁੱਖ ਸੈਰਗਾਹ ਹੈ, ਜਿਸ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ | ਇਸ ਮੌਕੇ ਡਾ. ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ ਜੱਗੀ, ਅਸ਼ਵਨੀ ਕੁਮਾਰ ਸ਼ਰਮਾ, ਇੰਦਰਪਾਲ ਸਿੰਘ, ਸੰਗਤ ਰਾਮ, ਮੋਹਿਤ ਗਰਗ ਬਾਵਾ, ਲੱਕੀ ਸਮੇਤ ਹੋਰਾਂ ਨੇ ਵਾਹਨ ਚਾਲਕਾਂ ਨੂੰ ਇਸ ਸੈਰਗਾਹ ਦੀ ਮਹੱਤਤਾ ਬਣਾ ਕੇ ਰੱਖਣ ਦੀ ਅਪੀਲ ਕੀਤੀ ਅਤੇ ਵਿਭਾਗ ਤੋਂ ਗੇਟ ਬੰਦ ਕਰਨ ਦੀ ਮੰਗ ਕੀਤੀ | ਦੂਜੇ ਪਾਸੇ ਸਿੰਚਾਈ ਵਿਭਾਗ ਦੇ ਐਕਸੀਅਨ ਦਮਨਜੀਤ ਸਿੰਘ ਨੇ ਕਿਹਾ ਕਿ ਉਹ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਜਦੋਂ ਨਵਾਂ ਪੁਲ ਬਣ ਚੁੱਕਾ ਹੈ ਤਾਂ ਗੇਟ ਖੁੱਲ੍ਹੇ ਰੱਖਣ ਦੀ ਲੋੜ ਨਹੀਂ ਰਹਿ ਜਾਂਦੀ | ਉਨ੍ਹਾਂ ਭਰੋਸਾ ਦਿਵਾਇਆ ਕਿ ਹੈੱਡ ਵਰਕਸ ਦੀ ਸੁੰਦਰਤਾ ਅਤੇ ਸੈਰ ਕਰਨ ਵਾਲੇ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਜਲਦੀ ਹੀ ਇਹ ਗੇਟ ਵਾਹਨਾਂ ਲਈ ਬੰਦ ਕਰ ਦਿੱਤੇ ਜਾਣਗੇ |