ਨੂਰਪੁਰ ਬੇਦੀ, 4 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)-ਕੈਟਲ ਪੌਂਡ ਸਰਕਾਰੀ ਗਊਸ਼ਾਲਾ ਸੁੱਖੇਮਾਜਰਾ ਵਿਚ ਪਈ ਲਗਭਗ 16 ਏਕੜ ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਸਮਤਲੀਕਰਨ ਅਤੇ ਸਫ਼ਾਈ ਦੇ ਕੰਮ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ | ਅੱਜ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਆਪਣੀ ਟੀਮ ਸਮੇਤ ਗਊਸ਼ਾਲਾ ਦਾ ਦੌਰਾ ਕਰਕੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਮੌਕੇ 'ਤੇ ਲੈਵਲਿੰਗ ਤੇ ਮਲਬਾ ਹਟਾਉਣ ਦੀ ਪ੍ਰਕਿਰਿਆ ਦਾ ਨਿਰੀਖਣ ਕੀਤਾ | ਉਨ੍ਹਾਂ ਨੇ ਕੰਮ ਦੀ ਗੁਣਵੱਤਾ ਅਤੇ ਗਤੀ ਬਾਰੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ | ਇਸ ਮੌਕੇ ਉਨ੍ਹਾਂ ਨੇ ਸੇਵਾ ਕਮੇਟੀ, ਪੰਚਾਇਤ ਮੈਂਬਰਾਂ ਅਤੇ ਇਲਾਕੇ ਦੇ ਪ੍ਰਮੁੱਖ ਵਿਅਕਤੀਆਂ ਨਾਲ ਮੀਟਿੰਗ ਕਰਦੇ ਹੋਏ ਦੱਸਿਆ ਕਿ ਹੁਣ ਤੱਕ ਲਗਭਗ 9 ਏਕੜ ਜ਼ਮੀਨ ਨੂੰ ਖੇਤੀਯੋਗ ਬਣਾਇਆ ਜਾ ਚੁੱਕਾ ਹੈ, ਜਦਕਿ ਬਾਕੀ ਜ਼ਮੀਨ 'ਤੇ ਕੰਮ ਜਾਰੀ ਹੈ | ਉਨ੍ਹਾਂ ਕਿਹਾ ਕਿ ਜ਼ਮੀਨ ਤਿਆਰ ਹੋਣ ਉਪਰੰਤ ਇੱਥੇ ਗਊਆਂ ਲਈ ਹਰਾ ਚਾਰਾ ਬੀਜਿਆ ਜਾਵੇਗਾ, ਜਿਸ ਨਾਲ ਚਾਰੇ ਦੀ ਕਮੀ ਦਾ ਸਥਾਈ ਹੱਲ ਨਿਕਲੇਗਾ ਅਤੇ ਗਊਸ਼ਾਲਾ ਦੀ ਆਤਮਨਿਰਭਰਤਾ ਵਧੇਗੀ | ਉਨ੍ਹਾਂ ਨੇ ਕਿਸਾਨਾਂ ਨੂੰ ਇਸ ਸੇਵਾ ਕਾਰਜ ਵਿਚ ਸਹਿਯੋਗ ਦੀ ਅਪੀਲ ਵੀ ਕੀਤੀ | ਗਊ ਮਾਤਾ ਸੇਵਾ ਕਮੇਟੀ ਦੇ ਪ੍ਰਧਾਨ ਐਡਵੋਕੇਟ ਮੁਨੀਸ਼ ਪੁਰੀ ਅਤੇ ਪਿੰਡ ਕਰਤਾਰਪੁਰ ਦੀ ਗਊ ਸੇਵਾ ਕਮੇਟੀ ਦੇ ਮੈਂਬਰਾਂ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਭਵਿੱਖ ਵਿਚ ਵੀ ਸਹਿਯੋਗ ਜਾਰੀ ਰੱਖਣ ਦਾ ਭਰੋਸਾ ਦਿੱਤਾ | ਉਨ੍ਹਾਂ ਦੱਸਿਆ ਕਿ ਚਾਰੇ ਦੀ ਤਿਆਰੀ ਲਈ ਜਲਦ ਹੀ ਇੱਕ ਵੱਡੀ ਟੋਕਾ ਮਸ਼ੀਨ ਮੁਹੱਈਆ ਕਰਵਾਈ ਜਾਵੇਗੀ | ਇਸ ਮੌਕੇ ਪ੍ਰਧਾਨ ਮੁਨੀਸ਼ ਪੁਰੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਦੇਸ ਰਾਜ ਸੈਣੀ, ਸਮਤੀ ਮੈਂਬਰ ਸਤਨਾਮ ਸਿੰਘ ਨਾਗਰਾ, ਚੌਧਰੀ ਹੁਸਨ ਲਾਲ, ਸਰਪੰਚ ਮਹਿੰਦਰ ਸਿੰਘ ਰਾਣਾ, ਸਰਪੰਚ ਰਾਮ ਧਨ ਬਾਠ, ਕੈਪਟਨ ਗੁਰਮੀਤ ਸਿੰਘ, ਸਰਪੰਚ ਅਜਵਿੰਦਰ ਸਿੰਘ ਬੇਈਹਾਰਾ, ਮਾਸਟਰ ਜਸਬੀਰ ਸਿੰਘ ਅਤੇ ਚੌਧਰੀ ਕਿਸ਼ਨ ਬੱਗੂਵਾਲ ਆਦਿ ਹਾਜ਼ਰ ਸਨ |