ਪੰਜਾਬ ਵਿਚ ਅਰਾਜਕਤਾ ਵਾਲਾ ਮਾਹੌਲ , ‘ ਆਪ ’ ਸਰਕਾਰ ਹਰ ਮੋਰਚੇ ’ ਤੇ ਫੇਲ੍ਹ - ਡਾ . ਦਲਜੀਤ ਸਿੰਘ ਚੀਮਾ
ਰੂਪਨਗਰ, 9 ਸਤੰਬਰ (ਸਤਨਾਮ ਸਿੰਘ ਸੱਤੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਦੋਸ਼ ਲਾਇਆ ਕਿ ਪੰਜਾਬ ਵਿਚ ਅਰਾਜਕਤਾ ਵਾਲਾ ਮਾਹੌਲ ਬਣਿਆ ਹੋਇਆ ਹੈ ਅਤੇ ਸਰਕਾਰ ਕਾਨੂੰਨ-ਵਿਵਸਥਾ, ਨਸ਼ਿਆਂ, ਬਿਜਲੀ, ਵਾਤਾਵਰਣ ਤੇ ਲੋਕਾਂ ਨਾਲ ਜੁੜੇ ਹੋਰ ਮੁੱਦਿਆਂ ਨੂੰ ਹੱਲ ਕਰਨ ਵਿਚ ਨਾਕਾਮ ਰਹੀ ਹੈ।
ਰੂਪਨਗਰ, 9 ਸਤੰਬਰ (ਸਤਨਾਮ ਸਿੰਘ ਸੱਤੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਦੋਸ਼ ਲਾਇਆ ਕਿ ਪੰਜਾਬ ਵਿਚ ਅਰਾਜਕਤਾ ਵਾਲਾ ਮਾਹੌਲ ਬਣਿਆ ਹੋਇਆ ਹੈ ਅਤੇ ਸਰਕਾਰ ਕਾਨੂੰਨ-ਵਿਵਸਥਾ, ਨਸ਼ਿਆਂ, ਬਿਜਲੀ, ਵਾਤਾਵਰਣ ਤੇ ਲੋਕਾਂ ਨਾਲ ਜੁੜੇ ਹੋਰ ਮੁੱਦਿਆਂ ਨੂੰ ਹੱਲ ਕਰਨ ਵਿਚ ਨਾਕਾਮ ਰਹੀ ਹੈ। ਰੂਪਨਗਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਤੋਂ ਸਵਾਲ ਕਰਨ ਵਾਲਿਆਂ ਦੀ ਆਵਾਜ਼ ਸੁਣਨ ਦੀ ਬਜਾਏ ਉਨ੍ਹਾਂ ’ਤੇ ਕਥਿਤ ਤੌਰ ’ਤੇ ਦਬਾਅ ਬਣਾਇਆ ਜਾਂਦਾ ਹੈ। ਡਾ. ਚੀਮਾ ਨੇ ਕਿਹਾ ਕਿ ਅਕਾਲੀ ਦਲ 2027 ਦੀਆਂ ਵਿਧਾਨ ਸਭਾ ਚੋਣਾਂ ਪੂਰੀ ਮਜ਼ਬੂਤੀ ਨਾਲ ਲੜੇਗਾ ਅਤੇ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੂਪਨਗਰ ਵਿਧਾਨ ਸਭਾ ਹਲਕੇ ਦੇ ਸਰਗਰਮ ਆਗੂਆਂ ਅਤੇ ਮਹਿਲਾ ਆਗੂਆਂ ਨੂੰ ਜਥੇਬੰਦਕ ਢਾਂਚੇ ਵਿਚ ਅਹਿਮ ਭੂਮਿਕਾਵਾਂ ਦੇਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਹੈ। ਇਹ ਪ੍ਰਕਿਰਿਆ ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਚਮਕੌਰ ਸਾਹਿਬ ਹਲਕਿਆਂ ਵਿਚ ਵੀ ਕੀਤੀ ਜਾਵੇਗੀ। ਨਸ਼ਿਆਂ ਤੇ ਕਾਨੂੰਨ-ਵਿਵਸਥਾ ਬਾਰੇ ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੇ ਨਸ਼ਿਆਂ ਖ਼ਿਲਾਫ਼ ਵੱਡੇ ਦਾਅਵਿਆਂ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਸਥਿਤੀ ਵਿਚ ਲੋੜੀਂਦਾ ਸੁਧਾਰ ਨਹੀਂ ਆਇਆ। ਉਨ੍ਹਾਂ ਜੇਲ੍ਹਾਂ ਵਿਚ ਨਸ਼ਿਆਂ ਨਾਲ ਸਬੰਧਤ ਮਾਮਲਿਆਂ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਸਰਕਾਰ ਤੋਂ ਸਪਸ਼ਟ ਜਵਾਬ ਮੰਗਿਆ ਅਤੇ ਕਾਨੂੰਨ-ਵਿਵਸਥਾ ਦੇ ਮਾਮਲੇ ’ਤੇ ਵੀ ਸਰਕਾਰ ਨੂੰ ਘੇਰਿਆ। ਰੂਪਨਗਰ ਦੇ ਹਵੇਲੀ ਸੀਵਰੇਜ ਟਰੀਟਮੈਂਟ ਪਲਾਂਟ ਦੀ ਸਮਰੱਥਾ 10 ਐਮ.ਐਲ.ਡੀ. ਦੇ ਮੁਕਾਬਲੇ ਕਰੀਬ 14 ਐਮ.ਐਲ.ਡੀ. ਸੀਵਰੇਜ ਪਹੁੰਚਣ ਦਾ ਦਾਅਵਾ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਵਾਧੂ ਪਾਣੀ ਦੇ ਪੂਰੀ ਤਰ੍ਹਾਂ ਟਰੀਟ ਨਾ ਹੋਣ ਦਾ ਖਦਸ਼ਾ ਹੈ। ਉਨ੍ਹਾਂ ਸਰਹੰਦ ਨਹਿਰ ਵਿਚ ਸੀਵਰੇਜ ਦਾ ਪਾਣੀ ਪੈਣ ਦੀ ਸ਼ਿਕਾਇਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਕਰਨ ਦੀ ਗੱਲ ਕਹਿੰਦਿਆਂ ਕਾਰਵਾਈ ਨਾ ਹੋਣ ’ਤੇ ਐਨ.ਜੀ.ਟੀ. ਜਾਣ ਦੀ ਚਿਤਾਵਨੀ ਦਿੱਤੀ। ਬਿਜਲੀ ਤੇ ਖੇਡਾਂ ’ਤੇ ਵੀ ਨਿਸ਼ਾਨਾ ਲਾਉਂਦਿਆ ਡਾ. ਚੀਮਾ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਨੇ ਨਵੀਂ ਬਿਜਲੀ ਉਤਪਾਦਨ ਸਮਰੱਥਾ ਵਧਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ, ਜਿਸ ਕਾਰਨ ਬਿਜਲੀ ਸੰਕਟ ਪੈਦਾ ਹੋ ਰਿਹਾ ਹੈ। ‘ਖੇਡਾਂ ਵਤਨ ਪੰਜਾਬ ਦੀਆਂ’ ਨੂੰ ਉਨ੍ਹਾਂ ਪ੍ਰਚਾਰ ਤੱਕ ਸੀਮਤ ਨਾ ਰੱਖਣ ਦੀ ਮੰਗ ਕਰਦਿਆਂ ਕਿਹਾ ਕਿ ਸਕੂਲ ਤੋਂ ਜ਼ੋਨ, ਜ਼ਿਲ੍ਹਾ, ਰਾਜ ਤੇ ਕੌਮੀ ਪੱਧਰ ਤੱਕ ਖਿਡਾਰੀਆਂ ਲਈ ਮਜ਼ਬੂਤ ਮੁਕਾਬਲਾ ਪ੍ਰਣਾਲੀ ਜ਼ਰੂਰੀ ਹੈ। ਉਨ੍ਹਾਂ ਰੂਪਨਗਰ ਦੇ ਕਮਿਊਨਿਟੀ ਸੈਂਟਰਾਂ ਦੀ ਬਦਹਾਲੀ ਅਤੇ ਆਰਮੀ ਦੀ ਜ਼ਮੀਨ ’ਤੇ ਕੂੜਾ ਸੁੱਟੇ ਜਾਣ ਦਾ ਮੁੱਦਾ ਵੀ ਉਠਾਇਆ। ਅਕਾਲੀ-ਭਾਜਪਾ ਗਠਜੋੜ ਬਾਰੇ ਉਨ੍ਹਾਂ ਕਿਹਾ ਕਿ ਫਿਲਹਾਲ ਪਾਰਟੀ ਆਪਣੀ ਜਥੇਬੰਦੀ ਮਜ਼ਬੂਤ ਕਰਨ ’ਤੇ ਧਿਆਨ ਦੇ ਰਹੀ ਹੈ ਅਤੇ ਗਠਜੋੜ ਸਬੰਧੀ ਕੋਈ ਫੈਸਲਾ ਹੋਣ ’ਤੇ ਮੀਡੀਆ ਨੂੰ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਪੰਥਕ ਧਿਰਾਂ ਨੂੰ ਇੱਕ ਮੰਚ ’ਤੇ ਇਕੱਠੇ ਹੋਣ ਦੀ ਅਪੀਲ ਵੀ ਕੀਤੀ। ਇਸ ਮੌਕੇ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ, ਦਰਬਾਰਾ ਸਿੰਘ ਬਾਲਾ, ਪਰਮਜੀਤ ਸਿੰਘ ਮੱਕੜ, ਮੋਹਨ ਸਿੰਘ ਡੁੰਮੇਵਾਲ, ਗੁਰਮੁਖ ਸਿੰਘ ਸੈਣੀ, ਬਾਬਾ ਸਿੰਘ, ਐਡਵੋਕੇਟ ਰਾਜੀਵ ਸ਼ਰਮਾ, ਰੁਪਿੰਦਰ ਸਿੰਘ ਲੱਖੇਵਾਲ, ਗੁਰਵਿੰਦਰ ਸਿੰਘ ਬਾਬਾ, ਸੁਖਵਿੰਦਰ ਸਿੰਘ ਪਟਵਾਰੀ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।