ਕਾਹਨਪੁਰ ਖੂਹੀ, 5 ਅਪ੍ਰੈਲ (ਗੁਰਬੀਰ ਸਿੰਘ ਵਾਲੀਆ)-ਨਸ਼ਿਆਂ ਖ਼ਲਾਫ ਚੱਲ ਰਹੀ ਮੁਹਿੰਮ ਤਹਿਤ ਨੂਰਪੁਰ ਬੇਦੀ ਪੁਲਿਸ ਨੇ ਕਾਹਨਪੁਰ ਖੂਹੀ ਵਿਖੇ ਇੱਕ ਨੌਜਵਾਨ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਹ ਕਾਰਵਾਈ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ, ਕਪਤਾਨ ਪੁਲਿਸ ਇਨਵੈਸਟੀਗੇਸ਼ਨ ਗੁਰਦੀਪ ਸਿੰਘ ਗੋਸਲ ਅਤੇ ਡੀ.ਐਸ.ਪੀ. ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ | ਥਾਣਾ ਮੁਖੀ ਰੋਹਿਤ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਗਸ਼ਤ ਕੀਤੀ ਜਾ ਰਹੀ ਸੀ | ਇਸ ਦੌਰਾਨ ਪਿੰਡ ਕਾਹਨਪੁਰ ਖੂਹੀ ਨੇੜੇ ਕਾਕਾ ਢਾਬਾ ਸਾਹਮਣੇ ਇੱਕ ਨੌਜਵਾਨ ਪੁਲਿਸ ਨੂੰ ਵੇਖ ਕੇ ਘਬਰਾ ਗਿਆ ਅਤੇ ਆਪਣੀ ਜੇਬ ਵਿਚੋਂ ਇੱਕ ਪਲਾਸਟਿਕ ਦਾ ਲਿਫ਼ਾਫ਼ਾ ਸੜਕ ਕਿਨਾਰੇ ਸੁੱਟ ਕੇ ਤੁਰਨ ਲੱਗ ਪਿਆ | ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸਨੂੰ ਕਾਬੂ ਕਰ ਲਿਆ | ਪੁੱਛਗਿੱਛ ਦੌਰਾਨ ਉਸਦੀ ਪਛਾਣ ਜਸਕਰਨ ਸਿੰਘ ਉਰਫ਼ ਕਰਨ ਵਜੋਂ ਹੋਈ | ਉਸ ਵਲੋਂ ਸੁੱਟੇ ਲਿਫ਼ਾਫ਼ੇ ਦੀ ਜਾਂਚ ਕਰਨ 'ਤੇ 5.03 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ | ਪੁਲਿਸ ਨੇ ਦੋਸ਼ੀ ਖ਼ਲਾਫ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰਕੇ ਉਸਨੂੰ ਗਿ੍ਫ਼ਤਾਰ ਕਰ ਲਿਆ ਹੈ | ਬਾਅਦ ਵਿਚ ਉਸਨੂੰ ਅਦਾਲਤ ਵਿਚ ਪੇਸ਼ ਕਰਕੇ ਜ਼ਿਲ੍ਹਾ ਜੇਲ ਰੂਪਨਗਰ ਭੇਜ ਦਿੱਤਾ ਗਿਆ |