ਸ੍ਰੀ ਅਨੰਦਪੁਰ ਸਾਹਿਬ, 7 ਅਪ੍ਰੈਲ (ਕਰਨੈਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ ਦੇ ਸਿੱਖ ਮਿਸ਼ਨ ਹਿਮਾਚਲ ਪ੍ਰਦੇਸ਼ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਗਰੋਟਾ ਸੂਰੀਆਂ ਵਿਖੇ ਗੁਲੇਰ ਫਤਿਹ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ | ਉਪਰੰਤ ਕਰਵਾਏ ਗੁਰਮਤਿ ਸਮਾਗਮ 'ਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਮਨਦੀਪ ਸਿੰਘ, ਢਾਡੀ ਭਾਈ ਜਸਬੀਰ ਸਿੰਘ ਮੌਲੇਕੇ, ਭਾਈ ਗੁਰਦੀਪ ਸਿੰਘ ਅਤੇ ਇੰਚਾਰਜ ਸਿੱਖ ਮਿਸ਼ਨ ਹਿਮਾਚਲ ਪ੍ਰਦੇਸ਼ ਦੇ ਕਥਾ ਵਾਚਕ ਭਾਈ ਹਰਜਿੰਦਰ ਸਿੰਘ ਵਲੋਂ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਅਤੇ ਸਿੱਖ ਇਤਿਹਾਸ ਸਰਵਣ ਕਰਵਾਕੇ ਨਿਹਾਲ ਕੀਤਾ ਗਿਆ | ਸਮਾਗਮ 'ਚ ਉਚੇਚੇ ਤੌਰ 'ਤੇ ਪਹੁੰਚੇ ਹਿਮਾਚਲ ਪ੍ਰਦੇਸ਼ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਕਾਰਜਕਾਰਨੀ ਮੈਂਬਰ ਡਾ: ਦਿਲਜੀਤ ਸਿੰਘ ਭਿੰਡਰ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਨੱਕੋ ਨੱਕ ਭਰਿਆ ਪਿਆ ਹੈ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਜੀ ਵਲੋਂ ਦਿੱਤੀਆਂ ਕੁਰਬਾਨੀਆਂ, ਕੀਤੇ ਤਿਆਗ ਅਤੇ ਮਨੁੱਖੀ ਹੱਕਾਂ ਲਈ ਬੁਲੰਦ ਕੀਤੀ ਆਵਾਜ ਸੰਸਾਰ ਭਰ ਦੇ ਇਤਿਹਾਸ 'ਚ ਹੋਰ ਕਿਧਰੇ ਵੀ ਨਹੀਂ ਮਿਲਦੀ | ਉਨ੍ਹਾਂ ਸੰਗਤਾਂ ਨੂੰ ਪ੍ਰੇਰਨਾ ਕਰਦਿਆਂ ਕਿਹਾ ਕਿ ਉਹ ਗੁਰੂ ਸਾਹਿਬਾਨ ਜੀ ਵਲੋਂ ਦਰਸਾਏ ਜੀਵਨ ਫਲਸਫੇ ਤੋਂ ਸੇਧ ਲੈਂਦਿਆਂ ਆਪਣਾ ਜੀਵਨ ਬਤੀਤ ਕਰਨ | ਇਸ ਨਾਲ ਹੀ ਅੱਜ ਸੰਸਾਰ 'ਚ ਅਮਨ ਸਾਂਤੀ ਸਥਾਪਤ ਕੀਤੀ ਜਾ ਸਕਦੀ ਹੈ | ਸਮਾਗਮ 'ਚ ਉਨ੍ਹਾਂ ਤੋਂ ਇਲਾਵਾ ਭਾਈ ਜਗਤਾਰ ਸਿੰਘ ਪ੍ਰਚਾਰਕ, ਭਾਈ ਰਣਜੀਤ ਸਿੰਘ ਪ੍ਰਚਾਰਕ, ਭਾਈ ਪਰਮਜੀਤ ਸਿੰਘ ਪ੍ਰਚਾਰਕ, ਭਾਈ ਵਰਿੰਦਰ ਸਿੰਘ ਕਲਰਕ, ਕਵੀਸ਼ਰ ਭਾਈ ਵਰਿਆਮ ਸਿੰਘ, ਭਾਈ ਕਰਮ ਸਿੰਘ, ਭਾਈ ਜਰਨੈਲ ਸਿੰਘ, ਸਟੇਜ ਸੈਕਟਰੀ ਮਾ: ਹਰਵੰਤ ਸਿੰਘ, ਕਮੇਟੀ ਪ੍ਰਧਾਨ ਪਿ੍ੰ: ਹਰਭਜਨ ਸਿੰਘ, ਮਾ. ਗੁਰਪਾਲ ਸਿੰਘ, ਸੂਬੇਦਾਰ ਜੁਝਾਰ ਸਿੰਘ, ਪਿ੍ੰ: ਸੁਰਿੰਦਰ ਸਿੰਘ, ਭਾਈ ਪ੍ਰਦੀਪ ਸਿੰਘ ਆਦਿ ਹਾਜ਼ਰ ਰਹੇ | ਸਮਾਗਮ ਦੌਰਾਨ ਦਸਤਾਰ ਮੁਕਾਬਲੇ ਵੀ ਕਰਵਾਏ ਗਏ ਅਤੇ ਸੁੰਦਰ ਦਸਤਾਰ ਸਜਾਉਣ ਵਾਲੇ ਨੌਜਵਾਨਾਂ ਨੁੂੰ ਸਨਮਾਨਿਤ ਕੀਤਾ ਗਿਆ | ਅੰਤ 'ਚ ਦਲਜੀਤ ਸਿੰਘ ਭਿੰਡਰ ਵਲੋਂ ਜ਼ਿਲ੍ਹਾ ਕਾਂਗੜੇ ਚੋਂ ਸਮਾਗਮ 'ਚ ਪਹੁੰਚੀਆਂ ਸਮੂਹ ਸੰਗਤਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ |