ਭਰਤਗੜ੍ਹ, 7 ਅਪ੍ਰੈਲ (ਜਸਬੀਰ ਸਿੰਘ ਬਾਵਾ)-ਚੰਡੀਮੰਦਰ ਸਥਿਤ 16 ਸਿੱਖ ਰੈਜੀਮੈਂਟ ਨਾਮੀ ਭਾਰਤੀ ਫ਼ੌਜ 'ਚ ਸੇਵਾਵਾਂ ਦੇ ਰਹੀ ਵਿਸ਼ੇਸ਼ ਟੀਮ ਨੇ ਅੱਜ ਭਰਤਗੜ੍ਹ ਸਮੇਤ ਹੋਰਨਾਂ ਪਿੰਡਾਂ ਦੇ ਨੌਜਵਾਨਾਂ ਨੂੰ ਭਾਰਤੀ ਫ਼ੌਜ 'ਚ ਸੇਵਾਵਾਂ ਨਿਭਾਉਣ ਅਤੇ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਵਿਸ਼ੇਸ਼ ਤੌਰ 'ਤੇ ਜਾਗਰੂਕ ਕੀਤਾ | ਉਕਤ ਟੀਮ ਦੀ ਅਗਵਾਈ 'ਚ ਨਾਇਬ ਸੂਬੇਦਾਰ ਹਰਜਾਪ ਸਿੰਘ ਨੇ ਮੁੰਡੇ-ਕੁੜੀਆਂ ਨੂੰ ਜਾਣਕਾਰੀ ਦਿੱਤੀ ਕਿ ਜਿਨ੍ਹਾਂ ਦੀ ਉਮਰ 01 ਜੁਲਾਈ 2005 ਤੋਂ 01 ਜੁਲਾਈ 2009 ਦੇ ਦਰਮਿਆਨ ਹੈ, ਉਨ੍ਹਾਂ ਨੌਜਵਾਨਾਂ ਨੂੰ ਫ਼ੌਜ ਵਿਚ ਭਰਤੀ ਹੋਣ ਵਾਸਤੇ ਆਨਲਾਈਨ ਰਜਿਸਟਰੇਸ਼ਨ 13 ਫਰਵਰੀ 2026 ਤੋਂ ਸ਼ੁਰੂ ਹੋ ਚੁੱਕੀ ਹੈ ਤੇ 10 ਅਪ੍ਰੈਲ 2026 ਨੂੰ ਰਜਿਸਟਰੇਸ਼ਨ ਬੰਦ ਕਰ ਦਿੱਤੀ ਜਾਵੇਗੀ | ਉਕਤ ਟੀਮ ਨੇ ਆਏ ਹੋਏ ਨੌਜਵਾਨਾਂ ਨੂੰ ਵਹਟਸਐਪ ਗਰੁੱਪ 'ਚ ਸ਼ਾਮਿਲ ਕੀਤਾ ਤਾਂ ਕਿ ਭਵਿੱਖ 'ਚ ਇਨ੍ਹਾਂ ਨੂੰ ਭਾਰਤੀ ਫ਼ੌਜ 'ਚ ਭਰਤੀ ਹੋਣ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ | ਟੀਮ ਨੇ ਦੱਸਿਆ ਕਿ ਹੁਣ ਤੱਕ ਰੂਪਨਗਰ, ਸ੍ਰੀ ਅਨੰਦਪੁਰ ਸਾਹਿਬ, ਨੰਗਲ, ਬਲਾਚੌਰ, ਗੜਸ਼ੰਕਰ, ਨੂਰਪੁਰ ਬੇਦੀ ਅਤੇ ਊਨਾ ਆਦਿ 'ਚ ਅਜਿਹੇ ਕੈਂਪ ਲਗਾ ਕੇ ਭਵਿੱਖੀ ਭਰਤੀ ਲਈ ਰਜਿਸਟਰੇਸ਼ਨ ਕੀਤੀ ਗਈ ਹੈ ਅਤੇ ਨੌਜਵਾਨਾ ਨੂੰ ਦੇਸ਼ ਦੀ ਸੇਵਾ ਲਈ ਉਤਸ਼ਾਹਿਤ ਕੀਤਾ ਹੈ | ਇਨ੍ਹਾਂ ਦੱਸਿਆ ਕਿ ਇਸ ਰਜਿਸਟਰੇਸ਼ਨ ਲਈ ਲਿੰਕ ਆਧਾਰ ਕਾਰਡ, ਦਸਵੀਂ ਦਾ ਸਰਟੀਫਿਕੇਟ, ਪਾਸਪੋਰਟ ਸਾਈਜ਼ ਤਸਵੀਰਾਂ ਲਾਜ਼ਮੀ ਹਨ | ਇਨ੍ਹਾਂ ਕੈਂਪਾਂ ਦੌਰਾਨ ਭਾਰਤੀ ਫ਼ੌਜ ਦੇ ਸੇਵਾ ਮੁਕਤ ਸੂਬੇਦਾਰ ਮੇਜਰ ਹਰੀ ਅਵਤਾਰ ਸਿੰਘ ਰਾਣਾ ਅਤੇ ਬਲਾਕ ਪ੍ਰਧਾਨ ਬਚਿੱਤਰ ਸਿੰਘ ਨੇ ਇਸ ਟੀਮ ਨੂੰ ਭਰਵਾਂ ਸਹਿਯੋਗ ਦਿੱਤਾ |