ਪੁਰਖਾਲੀ, 10 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਬੇ ਮੌਸਮੀ ਬਰਸਾਤ ਨਾਲ ਕਣਕ ਦੇ ਹੋਏ ਨੁਕਸਾਨ ਨੂੰ ਲੈ ਕੇ ਕਿਸਾਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਹਿਰਦਾਪੁਰ ਵਲੋਂ ਆਪਣੇ ਸਾਥੀਆਂ ਨਾਲ ਇਲਾਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਵਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ | ਇਸ ਮੌਕੇ ਉਹਨਾਂ ਦੱਸਿਆ ਕਿ ਵਾਢੀ ਤੇ ਆਈ ਕਣਕ ਦੀ ਫ਼ਸਲ ਖੇਤਾਂ ਵਿਚ ਵਿਛ ਜਾਣ ਕਾਰਨ ਕਿਸਾਨਾਂ ਦੇ ਸੁਪਨੇ ਢਹਿ ਢੇਰੀ ਹੋ ਗਏ ਹਨ | ਉਨ੍ਹਾਂ ਕਿਹਾ ਕਿ ਮੀਂਹ ਨਾਲ ਫ਼ਸਲਾਂ ਦੇ ਝਾੜ ਤੇ ਵੀ ਅਸਰ ਪੈ ਰਿਹਾ ਹੈ ;ਅਤੇ ਕਣਕ ਦਾ ਦਾਣਾ ਵੀ ਖਰਾਬ ਹੋਣ ਕਾਰਨ ਫ਼ਸਲ ਦੀ ਗੁਣਵੱਤਾ 'ਤੇ ਵੀ ਅਸਰ ਪਵੇਗਾ | ਉਹਨਾਂ ਕਿਹਾ ਕਿ ਇਹ ਬੇ ਮੌਸਮੀ ਬਰਸਾਤ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਕਿਸਾਨ ਬਹੁਤ ਹੀ ਚਿੰਤਾ ਦੇ ਆਲਮ ਵਿੱਚੋਂ ਗੁਜ਼ਰ ਰਿਹਾ ਹੈ, ਜਿਸ ਨੂੰ ਲੈ ਕੇ ਸਰਕਾਰ ਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ | ਉਹਨਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜੇ ਦੇ ਬੋਝ ਥੱਲੇ ਦਬਿਆ ਹੋਇਆ ਹੈ ਉੱਪਰੋਂ ਅਜਿਹੀਆਂ ਕੁਦਰਤੀ ਆਫਤਾਂ ਨੇ ਕਿਸਾਨਾਂ ਨੂੰ ਹੋਰ ਝੰਝੋੜ ਕੇ ਰੱਖ ਦਿੱਤਾ ਹੈ | ਉਹਨਾਂ ਕਿਹਾ ਕਿ ਕਿਸਾਨਾਂ ਦੀ ਖਰਾਬ ਹੋਈ ਫ਼ਸਲ ਨੂੰ ਲੈ ਕੇ ਕਿਸਾਨਾਂ ਨੂੰ ਮੰਡੀਆਂ 'ਚ ਵਿਸ਼ੇਸ਼ ਰਿਆਇਤ ਦੇਣੀ ਚਾਹੀਦੀ ਹੈ | ਉਹਨਾਂ ਕਿਹਾ ਕਿ ਮੰਡੀਆਂ ਚ ਕਿਸਾਨਾਂ ਨੂੰ ਦਾਣਾ ਬਦਰੰਗ ਜਾਂ ਹੋਰ ਬਹਾਨੇ ਲਾ ਕੇ ਕਿਸੇ ਵੀ ਤਰ੍ਹਾਂ ਪਰੇਸ਼ਾਨ ਨਾ ਕੀਤਾ ਜਾਵੇ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਕਿਸਾਨ ਆਗੂ ਗੁਰਤੇਜ ਸਿੰਘ ਚੈੜੀਆਂ, ਸੁਰਮੁੱਖ ਸਿੰਘ ਬਬਾਨੀ, ਗੁਰਜੀਤ ਸਿੰਘ ਸਰਪੰਚ, ਜਰਨੈਲ ਸਿੰਘ ਕਾਲਾ, ਸਤਨਾਮ ਸਿੰਘ ਸਿੱਧੂ, ਬੱਬੂ ਡੇਅਰੀ ਵਾਲੇ, ਰਵਿੰਦਰ ਭੱਟੀ,ਕਾਕਾ ਪੰਚ ਖੇੜੀ, ਹਰਪਾਲ ਸਿੰਘ, ਪ੍ਰੇਮਾ ਦੋਧੀ ਬਰਦਾਰ, ਸੱਜਣ ਸਿੰਘ ਫੌਜੀ, ਹਰੀਪੁਰ ਮਲਕੀਤ ਸਿੰਘ ਫੌਜੀ, ਮਨੋਜ ਕੁਮਾਰ ਮੇਜਰ ਸਿੰਘ ਹਿਰਦਾਪੁਰ, ਧਰਮਿੰਦਰ ਸਿੰਘ ਬਬਾਨੀ, ਕੁਲਵਿੰਦਰ ਸਿੰਘ ਬਬਾਨੀ, ਕਮਲਜੀਤ ਸਿੰਘ ਆਦਿ ਹਾਜ਼ਰ ਸਨ |