ਬੇਲਾ, 10 ਅਪ੍ਰੈਲ (ਮਨਜੀਤ ਸਿੰਘ ਸੈਣੀ)-ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਯੋਗ ਅਗਵਾਈ ਹੇਠ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਚਲਾਈ ਜਾ ਰਹੀ 'ਦਸਤਾਰ ਸਜਾਓ' ਮੁਹਿੰਮ ਦੇ ਤਹਿਤ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ ਵਿਖੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ | ਇਸ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਵੱਧ ਤੋਂ ਵੱਧ ਸਿੱਖੀ ਨਾਲ ਜੋੜਨਾ ਅਤੇ ਦਸਤਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਹੈ | ਇਸ ਮੌਕੇ ਪੰਜਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਪਤਿਤ (ਮੋਨੇ) ਵਿਦਿਆਰਥੀਆਂ ਦੇ ਵਿਚਕਾਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ | ਜਿਨ੍ਹਾਂ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਮੁਕਾਬਲੇ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਗੁ: ਗੁਰੂ ਬੀੜ ਸ੍ਰੀ ਜੰਡ ਸਾਹਿਬ ਦੇ ਮੈਨੇਜਰ ਨੱਥਾ ਸਿੰਘ, ਪ੍ਰਧਾਨ ਜਗੀਰ ਸਿੰਘ, ਹੈੱਡ ਗ੍ਰੰਥੀ ਰਣਬੀਰ ਸਿੰਘ, ਲੰਬੜਦਾਰ ਗੁਰਦੇਵ ਸਿੰਘ ਅਤੇ ਪਿ੍ੰਸੀਪਲ ਡਿੰਪਲ ਢਿੱਲੋ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਵਿਦਿਆਰਥੀਆਂ ਨੇ ਸਿੱਖੀ ਦੇ ਸਿਧਾਂਤਾਂ ਅਨੁਸਾਰ ਜੀਵਨ ਬਤੀਤ ਕਰਨ ਦਾ ਪ੍ਰਣ ਵੀ ਲਿਆ | ਜਸਵੰਤ ਸਿੰਘ ਡੀ.ਪੀ.ਈ. ਵਲੋਂ ਵਿਦਿਆਰਥੀਆਂ ਨੂੰ ਦਸਤਾਰ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਅੰਤ ਵਿਚ ਪਿ੍ੰਸੀਪਲ ਸ੍ਰੀਮਤੀ ਡਿੰਪਲ ਢਿੱਲੋ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦਸਤਾਰ ਸਾਡੀ ਪਛਾਣ, ਮਾਣ ਅਤੇ ਸਤਿਕਾਰ ਦਾ ਪ੍ਰਤੀਕ ਹੈ ਅਤੇ ਸਾਨੂੰ ਇਸ ਦੀ ਮਰਿਆਦਾ ਨੂੰ ਸਮਝਦਿਆਂ ਇਸ ਨੂੰ ਅਪਣਾਉਣਾ ਚਾਹੀਦਾ ਹੈ | ਇਸ ਮੌਕੇ ਸਮੂਹ ਸਟਾਫ਼ ਅਤੇ ਬੱਚੇ ਹਾਜ਼ਰ ਸਨ |