ਨੂਰਪੁਰ ਬੇਦੀ, 10 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)-ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਸਰਕਾਰੀ ਕਾਲਜ (ਲੜਕੀਆਂ), ਗੁਰੂ ਕਾ ਖੂਹ ਮੁੰਨੇ (ਰੂਪਨਗਰ) ਵਿਖੇ ਵਿਸ਼ਵ ਸਿਹਤ ਦਿਵਸ ਮੌਕੇ ਪਿ੍ੰਸੀਪਲ ਸ੍ਰੀਮਤੀ ਆਮੀ ਭੱਲਾ ਦੀ ਸਰਪ੍ਰਸਤੀ ਹੇਠ ''ਕਿਸ਼ੋਰ ਕੁੜੀਆਂ ਲਈ ਤੰਦਰੁਸਤੀ-ਇੱਕ ਆਯੁਰਵੇਦਿਕ ਦਿ੍ਸ਼ਟੀਕੋਣU ਵਿਸ਼ੇ 'ਤੇ ਇਕ ਪ੍ਰੇਰਣਾਦਾਇਕ ਅਤੇ ਵਿਸ਼ੇਸ਼ ਲੈਕਚਰ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ | ਕਾਲਜ ਦੀ ਐਨ.ਐਸ.ਐਸ. ਯੂਨਿਟ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਲੈਕਚਰ ਨੇ ਵਿਦਿਆਰਥਣਾਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ | ਇਸ ਮੌਕੇ ਮੁੱਖ ਬੁਲਾਰੇ ਵਜੋਂ ਡਾ. ਰੂਬਲ ਬੰਗਾ ਨੇ ਆਪਣੇ ਵਿਸਥਾਰਪੂਰਵਕ ਲੈਕਚਰ ਰਾਹੀਂ ਆਯੁਰਵੇਦ ਦੇ ਮੂਲ ਸਿਧਾਂਤਾਂ, ਕੁਦਰਤੀ ਢੰਗ ਨਾਲ ਸਿਹਤ ਸੰਭਾਲ ਅਤੇ ਰੋਜ਼ਾਨਾ ਦੀ ਜੀਵਨ-ਸ਼ੈਲੀ ਵਿਚ ਲੋੜੀਂਦੇ ਸਧਾਰਣ ਬਦਲਾਅ ਬਾਰੇ ਵਿਦਿਆਰਥਣਾਂ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਨੇ ਸੰਤੁਲਿਤ ਆਹਾਰ, ਨਿਯਮਿਤ ਰੁਟੀਨ ਅਤੇ ਮਾਨਸਿਕ ਸਿਹਤ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਵਿਦਿਆਰਥਣਾਂ ਨੂੰ ਸਿਹਤਮੰਦ ਜੀਵਨ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵਿਦਿਆਰਥਣਾਂ ਨੇ ਆਪਣੀ ਸਿਹਤ ਸਬੰਧੀ ਡਾ. ਰੂਬਲ ਬੰਗਾ ਨਾਲ ਚਰਚਾ ਵੀ ਕੀਤੀ ਅਤੇ ਸਿਹਤ ਸਬੰਧੀ ਸਲਾਹਾਂ ਵੀ ਲਈਆਂ | ਵਾਈਸ-ਪਿ੍ੰਸੀਪਲ ਡਾ. ਪੁਸ਼ਪਾ ਦੇਵੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਆਧੁਨਿਕ ਜੀਵਨ ਸ਼ੈਲੀ ਵਿਚ ਸਿਹਤ ਪ੍ਰਤੀ ਸਚੇਤ ਰਹਿਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਜਾਗਰੂਕਤਾ ਭਰੇ ਪ੍ਰੋਗਰਾਮ ਵਿਦਿਆਰਥਣਾਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ | ਇਸ ਸਮਾਗਮ ਦਾ ਸੁਚੱਜਾ ਆਯੋਜਨ ਕਨਵੀਨਰ ਮੈਡਮ ਪਵਨਦੀਪ ਕੌਰ ਵਲੋਂ ਕੀਤਾ ਗਿਆ | ਇਸ ਮੌਕੇ ਡਾ. ਪਰਮਜੀਤ ਸਿੰਘ, ਮੈਡਮ ਸੁਰਿੰਦਰ ਕੌਰ, ਮੈਡਮ ਨਿਸ਼ਾ, ਮੈਡਮ ਹਰਵਿੰਦਰ ਕੌਰ, ਮੈਡਮ ਹਰਪਾਲ ਕੌਰ ਅਤੇ ਮੈਡਮ ਸਿਮਰਨ ਕੌਰ ਸਮੇਤ ਕਾਲਜ ਦੇ ਸਾਰੇ ਅਧਿਆਪਕ ਅਤੇ ਸਟਾਫ਼ ਮੈਂਬਰ ਮੌਜੂਦ ਰਹੇ | ਲੈਕਚਰ ਵਿਚ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਖਾਸਕਰ 70 ਐਨ.ਐੱਸ.ਐੱਸ. ਵਲੰਟੀਅਰਾਂ ਨੇ ਉਤਸ਼ਾਹ ਨਾਲ ਭਾਗ ਲਿਆ |