ਨੰਗਲ, 12 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਹੀ ਫ਼ਿਲਹਾਲ ਮੈਂ ਹਲਕੇ ਅੰਦਰ ਲਗਾਤਾਰ ਵਿਚਰ ਰਿਹਾ ਹਾਂ ਤਾਂ ਜੋ ਅਜੋਕੀ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਵੱਲ ਨੂੰ ਲਾਮਬੰਦ ਕਰਕੇ ਤੋਰਿਆ ਜਾ ਸਕੇ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੇਵਾ ਮੁਕਤ ਡੀ.ਆਈ.ਜੀ. ਜੇਲ੍ਹਾਂ ਪੰਜਾਬ ਦਲਜੀਤ ਸਿੰਘ ਰਾਣਾ ਨੇ ਨੰਗਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ, ਉਨ੍ਹਾਂ ਆਖਿਆ ਕਿ ਅੱਜ ਮੈਂ ਜਿਸ ਵੀ ਮੁਕਾਮ 'ਤੇ ਪਹੁੰਚ ਕੇ ਰਿਟਾਇਰ ਹੋਇਆ ਹਾਂ ਉਹ ਕੇਵਲ ਤੇ ਕੇਵਲ ਖੇਡਾਂ ਕਰਕੇ ਹੀ ਸੰਭਵ ਹੋ ਸਕਿਆ ਹੈ, ਉਨ੍ਹਾਂ ਆਖਿਆ ਕਿ ਅਜੋਕੇ ਸਮੇਂ ਅੰਦਰ ਬੱਚਿਆਂ ਕੋਲ ਵਧੇਰੇ ਸਹੂਲਤਾਂ ਉਪਲਬਧ ਹਨ ਪਰ ਅੱਜ ਲੋੜ ਹੈ ਉਨ੍ਹਾਂ ਨੂੰ ਮਾੜੀਆਂ ਅਲਾਮਤਾਂ ਤੋਂ ਬਚਾ ਕੇ ਸਹੀ ਦਿਸ਼ਾ ਵੱਲ ਤੋਰਨ ਦੀ, ਜਿਸ ਵਿਚ ਮਾਪਿਆਂ ਦਾ ਯੋਗਦਾਨ ਅਹਿਮ ਹੈ | ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ ਕਿ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਅੰਦਰ ਅੰਦਰ ਵਧਾਈਆਂ ਗਈਆਂ ਪਿਛਲੇ ਕੁੱਝ ਸਮੇਂ ਤੋਂ ਗਤੀਵਿਧੀਆਂ ਦੇ ਕੀ ਮਾਇਨੇ ਹਨ ਤਾਂ ਉਨ੍ਹਾਂ ਸਪਸ਼ਟ ਤੌਰ 'ਤੇ ਆਖਿਆ ਕਿ ਫ਼ਿਲਹਾਲ ਮੈਂ ਦਿਲੀ ਇੱਛਾ ਰੱਖਦਾ ਹਾਂ ਕਿ ਸਾਡੇ ਹਲਕੇ ਦੇ ਨੌਜਵਾਨ ਖੇਡਾਂ ਨਾਲ ਜੁੜ ਕੇ ਵੱਡੀਆਂ ਮੱਲਾਂ ਮਾਰ ਕੇ ਆਪਣਾ, ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੁਸ਼ਨਾਉਣ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਉਹ ਲਗਾਤਾਰ ਗਤੀਵਿਧੀਆਂ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ ਕਰਦੇ ਹੀ ਰਹਿਣਗੇ |