ਸੰਤੋਖਗੜ੍ਹ, 12 ਅਪ੍ਰੈਲ (ਧਰਮ ਪਾਲ)-ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਹਰੋਲੀ ਪੋਲੀਆਂ ਬੀਤ ਵਿਖੇ ਬਲਕ ਡਰੱਗ ਪਾਰਕ ਪ੍ਰੋਜੈਕਟ ਦੇ ਹਿੱਸੇ ਵਜੋਂ ਕੀਤੇ ਜਾਣ ਵਾਲੇ 250 ਕਰੋੜ ਰੁਪਏ ਦੀ ਅਨੁਮਾਨਿਤ ਸਾਈਟ ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਕੰਮਾਂ ਲਈ ਨੀਂਹ ਪੱਥਰ ਰੱਖਿਆ | ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜੂਆਣਾ ਵਿਖੇ 10 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਵਰਕਿੰਗ ਵੂਮੈਨ ਹੋਸਟਲ ਦਾ ਨੀਂਹ ਪੱਥਰ ਵੀ ਰੱਖਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਬਲਕ ਡਰੱਗ ਪਾਰਕ ਪ੍ਰੋਜੈਕਟ ਰਾਸ਼ਟਰੀ ਮਹੱਤਵ ਦਾ ਪ੍ਰੋਜੈਕਟ ਹੈ | ਉਨ੍ਹਾਂ ਅਧਿਕਾਰੀਆਂ ਨੂੰ ਪ੍ਰੋਜੈਕਟ 'ਤੇ ਕੰਮ ਦੀ ਗਤੀ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ 2,000 ਕਰੋੜ ਦੀ ਲਾਗਤ ਨਾਲ ਵਿਕਸਤ ਕੀਤਾ ਜਾ ਰਿਹਾ ਹੈ | ਉਨਾਂ ਕਿਹਾ ਕਿ ਦੇਸ਼ ਵਿਚ ਸਿਰਫ਼ ਤਿੰਨ ਬਲਕ ਡਰੱਗ ਪਾਰਕ ਵਿਕਸਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚੋਂ ਇੱਕ ਇੱਥੇ ਹਰੋਲੀ ਵਿਚ ਸਥਾਪਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਅੱਗੇ ਦੱਸਿਆ ਕਿ ਰਾਜ ਸਰਕਾਰ ਨੇ ਸਕੂਲਾਂ ਵਿਚ ਸੀ.ਬੀ.ਐਸ.ਈ. ਪੈਟਰਨ ਲਾਗੂ ਕੀਤਾ ਹੈ | ਉਨ੍ਹਾਂ ਕਿਹਾ ਕਿ ਲਗਭਗ 66 ਕਰੋੜ ਦੇ ਜਲ ਸਪਲਾਈ ਪ੍ਰੋਜੈਕਟ ਸਫਲਤਾਪੂਰਵਕ ਪੂਰੇ ਹੋ ਗਏ ਹਨ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜ ਕਿੱਲੋਮੀਟਰ ਲੰਬੀ ਰੇਲਵੇ ਲਾਈਨ ਜਿਸਦੀ ਅਨੁਮਾਨਿਤ ਲਾਗਤ 3,400 ਕਰੋੜ ਹੈ, ਇਸ ਪਾਰਕ ਨੂੰ ਰਾਸ਼ਟਰੀ ਰੇਲ ਨੈੱਟਵਰਕ ਨਾਲ ਜੋੜੇਗੀ | ਇਸ ਮੌਕੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਹਰੋਲੀ ਖੇਤਰ ਵਿਚ ਬਿਹਤਰ ਸੜਕ ਸੰਪਰਕ ਨੂੰ ਯਕੀਨੀ ਬਣਾਉਣ ਲਈ ਵੀ ਵਿਸ਼ੇਸ਼ ਤਰਜੀਹ ਨਾਲ ਕੰਮ ਕਰ ਰਹੀ ਹੈ | ਇਸ ਸਬੰਧ ਵਿਚ ਸੰਤੋਖਗੜ੍ਹ-ਜੈਜੋਂ ਸੜਕ ਪ੍ਰੋਜੈਕਟ ਜਿਸਦੀ ਅਨੁਮਾਨਿਤ ਲਾਗਤ 500 ਕਰੋੜ ਹੈ 'ਤੇ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ | ਉਨ੍ਹਾਂ ਦੱਸਿਆ ਕਿ ਊਨਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ 175 ਕਰੋੜ ਰੁਪਏ ਦੀ ਨਵੀਂ ਜਲ ਸਪਲਾਈ ਯੋਜਨਾ 'ਤੇ ਵੀ ਤੇਜ਼ੀ ਨਾਲ ਪ੍ਰਗਤੀ ਕੀਤੀ ਜਾ ਰਹੀ ਹੈ | ਉਦਯੋਗ ਮੰਤਰੀ ਹਰਸ਼ਵਰਧਨ ਚੌਹਾਨ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਵਿਧਾਇਕ ਵਿਵੇਕ ਸ਼ਰਮਾ ਅਤੇ ਸੁਦਰਸ਼ਨ ਬਬਲੂ, ਹਿਮਾਚਲ ਪ੍ਰਦੇਸ਼ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਕੁਲਦੀਪ ਧੀਮਾਨ, ਸਾਬਕਾ ਵਿਧਾਇਕ ਸਤਪਾਲ ਸਿੰਘ ਰਾਏਜ਼ਾਦਾ, ਉਪ ਚੇਅਰਮੈਨ ਅਨੁਰਾਗ ਸ਼ਰਮਾ, ਚੇਅਰਮੈਨ ਵਿਕਰਮ ਸ਼ਰਮਾ ਡਿੱਕੀ, ਸਾਬਕਾ ਸੈਨਿਕ ਲੀਗ ਦੇ ਚੇਅਰਮੈਨ ਮਨੀਸ਼ ਕੁਮਾਰ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੇਸ਼ਰਾਜ ਗੌਤਮ, ਹਿਮਾਚਲ ਪ੍ਰਦੇਸ਼ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ (ਐਡਵੋਕੇਟ) ਦੇ ਮੈਂਬਰ ਦਿਗਵਿਜੇ ਮਲਹੋਤਰਾ, ਰਣਜੀਤ ਰਾਣਾ, ਵਧੀਕ ਮੁੱਖ ਸਕੱਤਰ (ਉਦਯੋਗ) ਆਰ.ਡੀ. ਨਜ਼ੀਮ, ਉਦਯੋਗ ਵਿਭਾਗ ਦੇ ਡਾਇਰੈਕਟਰ ਡਾ. ਯੂਨਸ, ਵਧੀਕ ਡਾਇਰੈਕਟਰ ਤਿਲਕ ਰਾਜ ਸ਼ਰਮਾ, ਡੀ.ਸੀ ਜਤਿਨ ਲਾਲ, ਊਨਾ ਦੇ ਪੁਲਿਸ ਸੁਪਰਡੈਂਟ ਸਚਿਨ ਹੀਰੇਮਥ, ਵਧੀਕ ਪੁਲਿਸ ਸੁਪਰਡੈਂਟ ਸੰਜੀਵ ਭਾਟੀਆ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |