ਖਰੜ, 17 ਅਪ੍ਰੈਲ (ਜੰਡਪੁਰੀ)-ਥਾਣਾ ਸਦਰ ਖਰੜ ਦੀ ਪੁਲਿਸ ਨੇ ਸਬ-ਇੰਸਪੈਕਟਰ 'ਤੇ ਹਮਲਾ ਕਰਕੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੇ ਮਾਮਲੇ 'ਚ 6 ਮੁਲਜ਼ਮਾਂ ਨੂੰ ਮਾਰੂ ਹਥਿਆਰਾਂ ਸਮੇਤ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਮੁਲਜ਼ਮਾਂ ਦੀ ਪਛਾਣ ਗੁਰਕੀਰਤ ਸਿੰਘ ਉਰਫ਼ ਗੁਰੀ, ਦਵਿੰਦਰ ਸਿੰਘ ਉਰਫ਼ ਬਿੰਦਾ, ਦਿਲਪ੍ਰੀਤ ਸਿੰਘ, ਗੁਰਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਗੁਰਿੰਦਰ ਸਿੰਘ ਵਜੋਂ ਹੋਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਖਰੜ ਦੇ ਡੀ. ਐਸ. ਪੀ. ਕਰਨ ਸਿੰਘ ਸੰਧੂ ਨੇ ਦੱਸਿਆ ਕਿ ਸਦਰ ਪੁਲਿਸ ਖਰੜ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਇਲਾਕੇ 'ਚ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਹੋਈਆਂ ਸਨ | ਇਸੇ ਦੌਰਾਨ ਹਰਲਾਲਪੁਰ-ਭੁੱਖੜੀ ਮਾਰਗ 'ਤੇ ਡਿਊਟੀ ਦੇ ਰਹੇ ਸਦਰ ਪੁਲਿਸ ਖਰੜ ਦੇ ਸਬ-ਇੰਸਪੈਕਟਰ ਗੁਰਵਿੰਦਰ ਸਿੰਘ 'ਤੇ ਕੁਝ ਵਿਅਕਤੀਆਂ ਵਲੋਂ ਹਮਲਾ ਕਰਕੇ ਉਸ ਨੂੰ ਸਕਾਰਪੀਓ ਗੱਡੀ 'ਚ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਥਾਣਾ ਮੁਖੀ ਗੁਰਪ੍ਰੀਤ ਸਿੰਘ ਤੇ ਪੁਲਿਸ ਪਾਰਟੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਉਕਤ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ, ਜਿਨ੍ਹਾਂ ਕੋਲੋਂ ਤੇਜ਼ਧਾਰ ਮਾਰੂ ਹਥਿਆਰ, ਇਕ ਮੋਟਰਸਾਈਕਲ ਅਤੇ ਇਕ ਸਕਾਰਪੀਓ ਗੱਡੀ ਬਰਾਮਦ ਹੋਈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ ਐਨ. ਡੀ. ਪੀ. ਸੀ. ਐਕਟ ਅਧੀਨ ਮਾਮਲੇ ਦਰਜ ਹਨ | ਉਨ੍ਹਾਂ ਦੱਸਿਆ ਕਿ ਕਾਬੂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤਾਂ ਜੋ ਏਰੀਏ 'ਚ ਹੋਈਆਂ ਹੋਰਨਾਂ ਵਾਰਦਾਤਾਂ ਦੇ ਮਾਮਲਿਆਂ ਨੂੰ ਵੀ ਸੁਲਝਾਇਆ ਜਾ ਸਕੇ |