ਪੰਚਕੂਲਾ, 19 ਅਪ੍ਰੈਲ (ਕਪਿਲ)-ਨਗਰ ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਆਪਣੇ ਮੇਅਰ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ | ਇਸ ਕੜੀ 'ਚ ਪੰਚਕੂਲਾ ਤੋਂ ਭਾਰਤੀ ਰਾਸ਼ਟਰੀ ਕਾਂਗਰਸ ਦੀ ਸੀਨੀਅਰ ਮੈਂਬਰ ਅਤੇ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਸੁਧਾ ਭਾਰਦਵਾਜ ਨੂੰ ਮੇਅਰ ਅਹੁਦੇ ਲਈ ਉਮੀਦਵਾਰ ਐਲਾਨਿਆ ਗਿਆ ਹੈ | ਲੰਮੇ ਸਮੇਂ ਤੋਂ ਇਸ ਐਲਾਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ | ਮੇਅਰ ਉਮੀਦਵਾਰ ਵਜੋਂ ਆਪਣੇ ਨਾਂਅ ਐਲਾਨਣ 'ਤੇ ਖੁਸ਼ੀ ਜਤਾਉਂਦਿਆਂ ਸੁਧਾ ਭਾਰਦਵਾਜ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਜੈਅੰਤੀ ਦੇ ਪਵਿੱਤਰ ਮੌਕੇ 'ਤੇ ਟਿਕਟ ਮਿਲਣਾ ਉਨ੍ਹਾਂ ਲਈ ਮਾਣ ਅਤੇ ਸਨਮਾਨ ਦੀ ਗੱਲ ਹੈ | ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਅਹੁਦਾ ਨਹੀਂ, ਸਗੋਂ ਪੰਚਕੂਲਾ ਦੀ ਜਨਤਾ ਦੀ ਸੇਵਾ ਕਰਨ ਦਾ ਮੌਕਾ ਹੈ | ਉਨ੍ਹਾਂ ਨੇ ਪਾਰਟੀ ਦੇ ਸਿਰਮੌਰ ਅਗਵਾਈ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਵਲੋਂ ਦਿੱਤੇ ਗਏ ਭਰੋਸੇ 'ਤੇ ਖਰਾ ਉਤਰਣ ਲਈ ਸਮਰਪਣ ਅਤੇ ਜੋਸ਼ ਨਾਲ ਕੰਮ ਕਰਨਗੇ | ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਉਹ ਪੂਰੇ ਦਮਖ਼ਮ ਨਾਲ ਚੋਣ ਲੜਕੇ ਪੰਚਕੂਲਾ ਦੀ ਮੇਅਰ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿਚ ਪਾਉਣਗੇ |