ਮੋਰਿੰਡਾ, 19 ਅਪ੍ਰੈਲ (ਪਿ੍ਤਪਾਲ ਸਿੰਘ)-ਨਜ਼ਦੀਕੀ ਪਿੰਡ ਓਇੰਦ ਵਿਖੇ ਸਰਪੰਚ ਮੇਜਰ ਸਿੰਘ ਦੀ ਅਗਵਾਈ ਹੇਠ ਗ੍ਰਾਮ ਸਭਾ ਦੇ ਹੋਏ ਆਮ ਇਜਲਾਸ ਦੌਰਾਨ ਮਤਾ ਪਾਸ ਕੀਤਾ ਕਿ ਪਿੰਡ ਦਾ ਕੋਈ ਵੀ ਲੜਕਾ ਲੜਕੀ ਆਪਸ ਵਿਚ ਵਿਆਹ ਨਹੀਂ ਕਰਵਾਉਣਗੇ | ਇਸ ਮੌਕੇ ਗ੍ਰਾਮ ਸਭਾ ਦਾ ਆਮ ਇਜਲਾਸ ਨੂੰ ਸੰਬੋਧਨ ਕਰਦਿਆਂ ਸਰਪੰਚ ਮੇਜਰ ਸਿੰਘ, ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਓਇੰਦ ਅਤੇ ਪਿ੍ਤਪਾਲ ਸਿੰਘ ਮੈਂਬਰ ਬਲਾਕ ਸੰਮਤੀ ਨੇ ਕਿਹਾ ਕਿ ਪਿੰਡ ਵਿਚ ਪਹਿਲਾਂ ਕੁੱਝ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਨਾਲ ਆਪਸੀ ਤਕਰਾਰ ਪੈਦਾ ਹੋ ਰਿਹਾ ਹੈ | ਅਜਿਹਿਆਂ ਮਸਲਿਆਂ ਨੂੰ ਨਜਿੱਠਣ ਲਈ ਇਹ ਮਤਾ ਪਾਸ ਕੀਤਾ ਗਿਆ ਹੈ ਤਾਂ ਕਿ ਪਿੰਡ ਦਾ ਕੋਈ ਵੀ ਲੜਕਾ ਤੇ ਲੜਕੀ ਆਪਸ ਵਿਚ ਵਿਆਹ ਨਹੀਂ ਕਰਵਾ ਸਕਣਗੇ | ਇਸ ਨਾਲ ਜਿੱਥੇ ਮਾਪਿਆਂ ਲਈ ਪਿੰਡ ਵਿਚ ਰਹਿਣਾ ਅÏਖਾ ਹੁੰਦਾ ਹੈ, ਉੱਥੇ ਹੀ ਆਉਣ ਵਾਲੀਆਂ ਪੀੜ੍ਹੀਆਂ 'ਤੇ ਵੀ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ, ਜਿਸ ਨੂੰ ਪਿੰਡ ਵਾਸੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ | ਜੇਕਰ ਕੋਈ ਅਜਿਹਾ ਕੰਮ ਕਰੇਗਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਉਸ ਨੂੰ ਪਿੰਡ ਵਿਚ ਰਹਿਣ ਨਹੀਂ ਦਿੱਤਾ ਜਾਵੇਗਾ ਅਤੇ ਦੋਵੇਂ ਲੜਕਾ ਅਤੇ ਲੜਕੀ ਦੇ ਪਰਿਵਾਰਾਂ ਦੇ ਖ਼ਿਲਾਫ਼ ਵੀ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਉਨ੍ਹਾਂ ਦੇ ਨਾਲ ਕੋਈ ਵੀ ਪਿੰਡ ਵਾਸੀ ਆਪਣਾ ਮਿਲਵਰਤਨ ਨਹੀਂ ਰੱਖੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਬੰਟੀ ਸੈਕਟਰੀ, ਨੰਬਰਦਾਰ ਬਹਾਦਰ ਸਿੰਘ, ਜਸਵੰਤ ਸਿੰਘ ਹੈਪੀ ਪ੍ਰਧਾਨ ਦੁੱਧ ਉਤਪਾਦਕ ਸੁਸਾਇਟੀ, ਨਿਰਮਲ ਸਿੰਘ ਕਿਸਾਨ ਯੂਨੀਅਨ ਆਗੂ, ਗੁਰਜਿੰਦਰ ਸਿੰਘ ਸੋਨੀ ਪੰਚ, ਜਗਤਾਰ ਸਿੰਘ ਬਿੱਲਾ ਪੰਚ, ਭੁਪਿੰਦਰ ਸਿੰਘ ਭਿੰਦਾ ਪੰਚ, ਕਿਰਪਾਲ ਸਿੰਘ ਕੰਦੋਲਾ ਸਾਬਕਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਰਜਿੰਦਰ ਸਿੰਘ ਸਾਬਕਾ ਪੰਚ, ਜਸਪ੍ਰੀਤ ਸਿੰਘ ਪੰਚ, ਕੁਲਦੀਪ ਕੌਰ ਪੰਚ, ਸੁਖਵਿੰਦਰ ਕੌਰ ਪੰਚ, ਸਰਦੂਲ ਸਿੰਘ, ਬਾਬਾ ਸੇਵਾ ਸਿੰਘ ਕੰਦੋਲਾ, ਯਾਦਵਿੰਦਰ ਸਿੰਘ ਯਾਦੀ, ਕੇਵਲ ਸਿੰਘ ਸਹਿਰੀ ਕਿਸਾਨ ਯੂਨੀਅਨ ਆਗੂ, ਦਲਵੀਰ ਸਿੰਘ ਬਿੱਟਾ ਨੰਬਰਦਾਰ, ਗੁਰਮੁਖ ਸਿੰਘ ਫ਼ੌਜੀ, ਜਗਤਾਰ ਸਿੰਘ ਸਾਬਕਾ ਪੰਚ, ਕੇਸਰ ਸਿੰਘ ਭਗਤ, ਮਨਜੀਤ ਸਿੰਘ ਨੱਤ, ਖੁਸ਼ਵੀਰ ਸਿੰਘ ਹੈਪੀ, ਗੁਰਪ੍ਰੀਤ ਸਿੰਘ, ਅਸ਼ਮੀਤ ਸਿੰਘ, ਕਮਲਜੀਤ ਸਿੰਘ ਮੰਗਾ ਆਦਿ ਪਿੰਡ ਵਾਸੀ ਹਾਜ਼ਰ ਸਨ |