ਨੰਗਲ, 20 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-'ਮੇਰੀ ਧਰਤੀ, ਮੇਰਾ ਜਨੂੰਨ' ਮੁਹਿੰਮ ਤਹਿਤ ਵਿਕਾਸ ਕਾਰਜਾਂ ਦੀ ਲੜੀ ਦਾ ਅੱਜ ਪਿੰਡ ਪਿੰਘਬੜੀ ਤੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਅਰੰਭ ਕੀਤਾ ਗਿਆ | ਇਸ ਮੌਕੇ ਕੈਬਨਿਟ ਮੰਤਰੀ ਨੇ ਇਕ ਨਵੇਂ ਆਧੁਨਿਕ ਆਰ.ਸੀ.ਸੀ. ਪੁਲ ਦੀ ਉਸਾਰੀ ਦੀ ਸ਼ੁਰੂਆਤ ਕਰਦੇ ਹੋਏ ਸਰਕਾਰ ਦੀ ਪਿੰਡਾਂ ਅਤੇ ਪਿੱਛੜੇ ਇਲਾਕਿਆਂ ਵਿਚ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ | ਉਨ੍ਹਾਂ ਕਿਹਾ ਕਿ ਇਹ ਕਦਮ ਪੰਜਾਬ ਸਰਕਾਰ ਦੇ ਸੰਤੁਲਿਤ ਵਿਕਾਸ ਅਤੇ ਲੋਕਾਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਦੇ ਵਿਜ਼ਨ ਨੂੰ ਦਰਸਾਉਂਦਾ ਹੈ | ਇਸ ਪਿੰਡ ਵਿਚ ਪੁਲ ਦਾ ਨਿਰਮਾਣ, ਡੰਗੇ ਤੇ 4 ਕਰੋੜ ਨਾਲ ਸੜਕਾਂ ਦੇ ਨਿਰਮਾਣ ਸਮੇਤ ਕੁੱਲ 11 ਕਰੋੜ ਰੁਪਏ ਦੇ ਕੰਮ ਕਰਵਾਏ ਜਾ ਰਹੇ ਹਨ | ਸ. ਬੈਂਸ ਨੇ ਕਿਹਾ ਕਿ 70 ਸਾਲ ਬਾਅਦ ਇਸ ਖੇਤਰ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ, ਪਹਿਲਾ ਇਸ ਖੇਤਰ ਨੂੰ ਅਣਗੋਲਿਆ ਕੀਤਾ ਗਿਆ ਸੀ ਪਰ ਮਾਨ ਸਰਕਾਰ ਵਲੋਂ ਨਿਰੰਤਰ ਵਿਕਾਸ ਕਰਵਾਏ ਜਾ ਰਹੇ ਹਨ | ਇਹ ਨਵਾਂ ਪੁਲ ਖਾਸ ਕਰਕੇ ਬਰਸਾਤ ਦੇ ਮੌਸਮ ਦੌਰਾਨ ਲੋਕਾਂ ਨੂੰ ਆਵਾਜਾਈ ਦੀਆਂ ਸਮੱਸਿਆਵਾਂ ਤੋਂ ਵੱਡੀ ਰਾਹਤ ਦੇਵੇਗਾ | ਉਨ੍ਹਾਂ ਨੇ ਦੱਸਿਆ ਕਿ ਲਗਭਗ 1 ਕਰੋੜ 56 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੇ ਇਸ ਪੁਲ ਨੂੰ ਆਧੁਨਿਕ ਆਰ.ਸੀ.ਸੀ. ਸਟਰਕਚਰ ਦੇ ਰੂਪ ਵਿਚ ਤਿਆਰ ਕੀਤਾ ਜਾਵੇਗਾ, ਜੋ ਭਾਰੀ ਪਾਣੀ ਦੇ ਬਹਾਅ ਨੂੰ ਝੱਲਣ ਸਮਰੱਥ ਹੋਵੇਗਾ | ਪੁਲ ਦੀ ਬੈਡ ਵਿਡਥ 200 ਫੁੱਟ ਅਤੇ ਕੈਰੇਜ ਵੇਅ 18 ਫੁੱਟ ਹੋਵੇਗੀ, ਜਿਸ ਨਾਲ ਵਾਹਨਾਂ ਅਤੇ ਪੈਦਲ ਯਾਤਰੀਆਂ ਲਈ ਸੁਰੱਖਿਅਤ ਅਤੇ ਸੁਵਿਧਾਜਨਕ ਆਵਾਜਾਈ ਯਕੀਨੀ ਬਣੇਗੀ | ਇਸ ਮੌਕੇ ਡਾ. ਸੰਜੀਵ ਗੌਤਮ ਜ਼ਿਲ੍ਹਾ ਪ੍ਰਧਾਨ, ਗੁਰਜਿੰਦਰ ਸਿੰਘ ਸ਼ੋਕਰ, ਸੋਹਣ ਸਿੰਘ ਬੈਂਸ, ਬਲਜੀਤ ਕੌਰ ਸਰਪੰਚ, ਪੂਨਮ ਸ਼ਰਮਾ ਪੰਚ, ਸੰਗੀਤਾ ਚੋਧਰੀ ਪੰਚ, ਉਰਮਿਲਾ ਦੇਵੀ ਪੰਚ, ਰਣਜੀਤ ਸਿੰਘ, ਮਨਜੀਤ ਸਿੰਘ ਬਲਾਕ ਸੰਮਤੀ ਮੈਂਬਰ, ਦੀਪਕ ਅਬਰੋਲ, ਮਹਿੰਦਰ ਢਿੱਲੋਂ ਏਰੀਆ ਸਕੱਤਰ, ਰਾਜੇਸ਼ ਸ਼ਰਮਾ, ਦੀਪੂ ਬਾਸ, ਦਰਸ਼ਨ ਕੁਮਾਰ ਚੋਧਰੀ, ਸਵਰਨ ਸਿੰਘ, ਵੇਦ ਪ੍ਰਕਾਸ਼, ਜਸਪਾਲ ਰਾਣਾ, ਰਾਮ ਲਾਲ, ਕੁਲਦੀਪ ਸ਼ਰਮਾ ਤੇ ਪਤਵੰਤੇ ਹਾਜ਼ਰ ਸਨ |