ਮੋਰਿੰਡਾ, 21 ਅਪ੍ਰੈਲ (ਤਰਲੋਚਨ ਸਿੰਘ ਕੰਗ)- ਵਧੀਕ ਡਿਪਟੀ ਕਮਿਸ਼ਨਰ ਚੰਦਰਜੋਤੀ ਸਿੰਘ ਵਲੋਂ ਬਲਾਕ ਮੋਰਿੰਡਾ ਅਧੀਨ ਆਉਣ ਵਾਲੀਆਂ ਵੱਖ-ਵੱਖ ਪੰਚਾਇਤਾਂ ਵਿਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ | ਵਧੀਕ ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਪਿੰਡ ਧਨੌਰੀ ਅਤੇ ਡੂਮਛੇੜੀ ਵਿਚ ਤਿਆਰ ਕੀਤੇ ਜਾ ਰਹੇ ਮਾਡਲ ਖੇਡ ਮੈਦਾਨਾਂ ਦਾ ਮੌਕੇ 'ਤੇ ਦੌਰਾ ਕਰਕੇ ਕੰਮ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਐਕਸੀਅਨ ਪੰਚਾਇਤੀ ਰਾਜ ਵਿਭਾਗ ਅਵਤਾਰ ਸਿੰਘ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਮਾਡਲ ਖੇਡ ਮੈਦਾਨਾਂ ਦਾ ਨਿਰਮਾਣ ਕੰਮ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ ਅਤੇ ਕੰਮ ਦੀ ਗੁਣਵੱਤਾ ਸਬੰਧੀ ਕੋਈ ਸਮਝੌਤਾ ਨਾ ਕੀਤਾ ਜਾਵੇ | ਇਸ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਵਲੋਂ ਪਿੰਡ ਸੱਖੋ ਮਾਜਰਾ ਵਿਚ ਮਗਨਰੇਗਾ ਅਧੀਨ ਬਣਾਈ ਗਈ ਆਂਗਣਵਾੜੀ ਕੇਂਦਰ ਦੀ ਇਮਾਰਤ ਦਾ ਵੀ ਜਾਇਜ਼ਾ ਲਿਆ | ਜੋ ਕਿ 7.5 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮੋਰਿੰਡਾ ਹਰਕੀਰਤ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ |