ਰੂਪਨਗਰ, 22 ਅਪ੍ਰੈਲ (ਗੁਰਪ੍ਰੀਤ ਸਿੰਘ ਹੁੰਦਲ)-ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਰਾਸ਼ਟਰੀ ਬਾਲ ਸਵਾਸਥ ਕਾਰਯਕ੍ਰਮ (ਆਰਬੀਐਸਕੇ) ਅਧੀਨ ਜ਼ਿਲ੍ਹੇ ਅੰਦਰ ਤਾਇਨਤ ਮੋਬਾਈਲ ਹੈਲਥ ਟੀਮਾਂ ਨੂੰ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਰਨ ਲਈ ਹੈਂਡ ਹੈਲਡ ਰਿਫਰੈਕਟਰੋਮੀਟਰ ਦੀ ਵਿਸ਼ੇਸ਼ ਟਰੇਨਿੰਗ ਪ੍ਰਦਾਨ ਕੀਤੀ ਗਈ | ਇਹ ਟਰੇਨਿੰਗ ਸਿਵਲ ਸਰਜਨ ਦਫ਼ਤਰ ਵਿਖੇ ਕਰਵਾਈ ਗਈ, ਜਿਸ ਵਿਚ ਜ਼ਿਲ੍ਹੇ ਦੀਆਂ ਸਾਰੀਆਂ ਮੋਬਾਈਲ ਹੈਲਥ ਟੀਮਾਂ ਦੇ ਮੈਡੀਕਲ ਅਫਸਰਾਂ, ਸਟਾਫ ਨਰਸਾਂ ਅਤੇ ਪੈਰਾਮੈਡੀਕਲ ਸਟਾਫ ਨੇ ਭਾਗ ਲਿਆ | ਇਸ ਮੌਕੇ ਸਿਵਲ ਸਰਜਨ ਰੂਪਨਗਰ ਡਾ. ਰਮਨ ਕੁਮਾਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਕਾਰਯਕ੍ਰਮ ਤਹਿਤ ਬੱਚਿਆਂ ਵਿਚ ਜਨਮ ਤੋਂ ਲੈ ਕੇ 18 ਸਾਲ ਦੀ ਉਮਰ ਤੱਕ ਵੱਖ-ਵੱਖ ਬਿਮਾਰੀਆਂ, ਪੋਸ਼ਣ ਘਾਟ, ਵਿਕਾਸ ਵਿਚ ਰੁਕਾਵਟਾਂ ਅਤੇ ਅੱਖਾਂ ਨਾਲ ਸੰਬੰਧਤ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਯਕੀਨੀ ਬਣਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਹੈਂਡ ਹੈਲਡ ਰਿਫਰੈਕਟਰੋਮੀਟਰ ਰਾਹੀਂ ਪੰਜ ਸਾਲ ਤੋਂ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਨਿਗਾਹ ਦੀ ਜਾਂਚ ਕੀਤੀ ਜਾਵੇਗੀ, ਰਿਫਰੈਕਟਰੋਮੀਟਰ ਇਕ ਆਧੁਨਿਕ ਯੰਤਰ ਹੈ, ਜਿਸ ਦੀ ਮਦਦ ਨਾਲ ਬੱਚਿਆਂ ਦੀ ਨਜ਼ਰ ਦੀ ਜਾਂਚ ਤੇਜ਼ੀ ਅਤੇ ਸਹੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ | ਇਸ ਟਰੇਨਿੰਗ ਦੌਰਾਨ ਮਾਹਿਰਾਂ ਵਲੋਂ ਮੋਬਾਈਲ ਟੀਮਾਂ ਨੂੰ ਯੰਤਰ ਦੀ ਵਰਤੋਂ, ਰੀਡਿੰਗ ਲੈਣ ਦੇ ਤਰੀਕੇ, ਡਾਟਾ ਰਿਕਾਰਡਿੰਗ ਅਤੇ ਰਿਫਰਲ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਡਾ. ਰਮਨ ਕੁਮਾਰ ਗੁਪਤਾ ਨੇ ਦੱਸਿਆ ਕਿ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿਚ ਬੱਚਿਆਂ ਦੀ ਸਕ੍ਰੀਨਿੰਗ ਦੌਰਾਨ ਜੇਕਰ ਕਿਸੇ ਬੱਚੇ ਵਿਚ ਨਜ਼ਰ ਦੀ ਕਮੀ ਜਾਂ ਹੋਰ ਅੱਖਾਂ ਦੀ ਸਮੱਸਿਆ ਪਾਈ ਜਾਂਦੀ ਹੈ ਤਾਂ ਉਸ ਨੂੰ ਤੁਰੰਤ ਉੱਚ ਸਿਹਤ ਸੰਸਥਾ ਵਿਚ ਰੈਫਰ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਨਵਰੂਪ ਕੌਰ, ਆਰ.ਬੀ.ਐਸ.ਕੇ. ਕੋਆਰਡੀਨੇਟਰ ਕਿਰਨਦੀਪ ਕੌਰ, ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ, ਕੰਪਿਊਟਰ ਆਪਰੇਟਰ ਗੁਰਮਿੰਦਰ ਸਿੰਘ ਅਤੇ ਆਰ.ਬੀ.ਐਸ.ਕੇ. ਟੀਮਾਂ ਦੇ ਸਟਾਫ਼ ਮੈਂਬਰ ਹਾਜ਼ਰ ਸਨ |