ਬੇਲਾ, 23 ਅਪ੍ਰੈਲ (ਮਨਜੀਤ ਸਿੰਘ ਸੈਣੀ)-ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ ਵਿਖੇ ਪਿ੍ੰਸੀਪਲ ਡਿੰਪਲ ਢਿੱਲੋਂ ਦੀ ਯੋਗ ਅਗਵਾਈ ਹੇਠ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਬਾਬਾ ਜ਼ੋਰਾਵਰ ਸਿੰਘ ਹਾਊਸ ਦੀਆਂ ਵਿਦਿਆਰਥਣਾਂ ਵਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ | ਇਸ ਤੋਂ ਉਪਰੰਤ ਤੀਜੀ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਦੁਆਰਾ ਵਾਤਾਵਰਣ ਸੁਰੱਖਿਆ ਦੇ ਸੰਦੇਸ਼ ਨੂੰ ਪ੍ਰਚਲਿਤ ਕਰਨ ਲਈ ਨੁਕੜ ਨਾਟਕ ਪੇਸ਼ ਕੀਤੇ ਗਏ ਅਤੇ ਚਾਰਟ ਤਿਆਰ ਕਰਕੇ ਪ੍ਰਦਰਸ਼ਿਤ ਕੀਤੇ ਗਏ | ਸਾਇੰਸ ਅਧਿਆਪਕਾ ਮਨਪ੍ਰੀਤ ਕੌਰ ਦੁਆਰਾ ਬੱਚਿਆਂ ਨੂੰ ਧਰਤੀ 'ਤੇ ਵਧ ਰਹੇ ਪ੍ਰਦੂਸ਼ਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਤਰੀਕੇ ਵੀ ਦੱਸੇ ਗਏ | ਇਸ ਮੌਕੇ ਪਿ੍ੰਸੀਪਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਹਰ ਦਿਨ ਧਰਤੀ 'ਤੇ ਪ੍ਰਦੂਸ਼ਣ ਦੀ ਮਾਤਰਾ ਵਧ ਰਹੀ ਹੈ | ਜਿਸ ਕਾਰਨ ਵਾਤਾਵਰਣ ਦੇ ਤਾਪਮਾਨ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ | ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਨੂੰ ਘੱਟ ਕਰਨ ਦਾ ਯਤਨ ਕਰਨਾ ਚਾਹੀਦਾ ਹੈ | ਉਨ੍ਹਾਂ ਹਰ ਇੱਕ ਵਿਦਿਆਰਥੀ ਨੂੰ ਇੱਕ ਬੂਟਾ ਲਗਾਉਣ ਲਈ ਕਿਹਾ ਤਾਂ ਜੋ ਧਰਤੀ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ | ਇਸ ਮੌਕੇ ਸਮੂਹ ਸਟਾਫ਼ ਅਤੇ ਬੱਚੇ ਹਾਜ਼ਰ ਸਨ |