ਪੁਰਖਾਲੀ, 23 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਪੁਰਖਾਲੀ ਵਿਖੇ ਲੱਗੀ ਇੱਕ ਫ਼ੈਕਟਰੀ ਵਲੋਂ ਗੱਡੀਆਂ ਲਈ ਪਾਰਕਿੰਗ ਦਾ ਪ੍ਰਬੰਧ ਨਾ ਕਰਨ ਕਾਰਨ ਇਲਾਕਾ ਵਾਸੀ ਪ੍ਰੇਸ਼ਾਨ ਹੋ ਰਹੇ ਹਨ | ਇਸ ਸਬੰਧੀ ਸੁਖਵਿੰਦਰ ਸਿੰਘ, ਅਜੈਬ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਪੁਰਖਾਲੀ ਵਿਖੇ ਬਿੰਦਰਖ ਰੋਡ 'ਤੇ ਲੱਗੀ ਇੱਕ ਫ਼ੈਕਟਰੀ ਵਲੋਂ ਮਾਲ ਦੀ ਢੋਆ ਢੋਆਈ ਲਈ ਆਉਣ ਵਾਲੀਆਂ ਗੱਡੀਆਂ ਅਤੇ ਕੰਟੇਨਰਾਂ ਲਈ ਪਾਰਕਿੰਗ ਦਾ ਪ੍ਰਬੰਧ ਨਾ ਕਰਨ ਕਾਰਨ ਇਹ ਗੱਡੀਆਂ ਅਤੇ ਕੰਟੇਨਰ ਸੜਕ ਦੇ ਨਾਲ ਖੜ੍ਹਾ ਦਿੱਤੇ ਜਾਂਦੇ ਹਨ, ਜਿਸ ਨਾਲ ਰਸਤਾ ਬੰਦ ਹੋ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਪੁਰਖਾਲੀ ਤੋਂ ਲੈ ਕੇ ਬਿੰਦਰਖ ਤੱਕ ਲਿੰਕ ਸੜਕ ਹੀ ਬਣੀ ਹੋਈ ਹੈ | ਉਹਨਾਂ ਦੱਸਿਆ ਕਿ ਸੜਕ ਟਰੈਫ਼ਿਕ ਦੇ ਹਿਸਾਬ ਨਾਲ ਪਹਿਲਾਂ ਹੀ ਘੱਟ ਚੌੜੀ ਹੈ, ਉੱਪਰੋਂ ਫੈਕਟਰੀ ਵਾਲੇ ਆਪਣੀਆਂ ਗੱਡੀਆਂ ਅਤੇ ਕੰਟੇਨਰ ਸੜਕ ਦੇ ਨਾਲ ਖੜ੍ਹਾ ਦਿੰਦੇ ਹਨ, ਜਿਸ ਨਾਲ ਸੜਕ 'ਤੇ ਹਾਦਸਿਆਂ ਦਾ ਡਰ ਵੀ ਬਣਿਆ ਰਹਿੰਦਾ ਹੈ | ਉਕਤ ਪਤਵੰਤਿਆਂ ਨੇ ਦੱਸਿਆ ਕਿ ਫ਼ੈਕਟਰੀ ਦੇ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਬਰਸਾਤੀ ਪਾਣੀ ਨੇ ਸੜਕ ਦੇ ਨਾਲ ਲੱਗਦੀ ਬਰਮ ਖੋਰ ਦਿੱਤੀ ਹੈ, ਜਿਸ ਕਾਰਨ ਸੜਕ ਦੀ ਬਰਮ ਸੜਕ ਨਾਲੋਂ ਕਾਫ਼ੀ ਨੀਵੀਂ ਰਹਿ ਗਈ ਹੈ, ਜਿਸ ਵੱਲ ਫੈਕਟਰੀ ਵਾਲਿਆਂ ਦਾ ਧਿਆਨ ਨਹੀਂ ਗਿਆ | ਉਨ੍ਹਾਂ ਦੱਸਿਆ ਕਿ ਰਾਤ ਸਮੇਂ ਛੋਟੀਆਂ ਗੱਡੀਆਂ ਸਾਈਡ ਦੇਣ ਸਮੇਂ ਥੱਲੇ ਲੱਗ ਜਾਂਦੀਆਂ ਹਨ, ਜਿਸ ਕਾਰਨ ਗੱਡੀਆਂ ਦਾ ਵੀ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਸੜਕ ਦੇ ਨਾਲ ਫੈਕਟਰੀ ਵਾਲਿਆਂ ਨੂੰ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਸੜਕ ਦੇ ਨਾਲ ਬਰਮ ਨੂੰ ਵੀ ਪੱਕਾ ਕਰਨਾ ਚਾਹੀਦਾ ਹੈ, ਤਾਂ ਜੋ ਇੱਥੇ ਹਾਦਸਿਆਂ ਤੋਂ ਬਚਾਅ ਹੋ ਸਕੇ | ਉਨ੍ਹਾਂ ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਤੋਂ ਵੀ ਮੰਗ ਕੀਤੀ ਗਈ ਲੋਕਾਂ ਦੀ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ |