ਨੂਰਪੁਰ ਬੇਦੀ, 27 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਸਰਕਾਰੀ ਕਾਲਜ (ਲੜਕੀਆਂ), ਗੁਰੂ ਕਾ ਖੂਹ ਮੁੰਨੇ ਵਿਖੇ ਪਿ੍ੰਸੀਪਲ ਸ੍ਰੀਮਤੀ ਆਮੀ ਭੱਲਾ ਦੀ ਸਰਪ੍ਰਸਤੀ ਹੇਠ ''ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਸਮਾਜਿਕ ਬਰਾਬਰੀ'' ਵਿਸ਼ੇ 'ਤੇ ਲੇਖ ਰਚਨਾ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥਣਾਂ 'ਚ ਸਮਾਜਿਕ ਸਮਾਨਤਾ, ਮਨੁੱਖਤਾ ਅਤੇ ਗੁਰੂ ਰਵਿਦਾਸ ਜੀ ਦੇ ਉੱਚੇ ਆਦਰਸ਼ਾਂ ਪ੍ਰਤੀ ਚੇਤਨਤਾ ਪੈਦਾ ਕਰਨਾ ਸੀ | ਮੁਕਾਬਲੇ ਦੌਰਾਨ ਵਿਦਿਆਰਥਣਾਂ ਨੇ ਆਪਣੇ ਵਿਚਾਰ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸਿਰਜਣਾਤਮਕ ਢੰਗ ਨਾਲ ਪੇਸ਼ ਕੀਤੇ | ਨਤੀਜਿਆਂ ਅਨੁਸਾਰ ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਮਨੀਸ਼ਾ ਸੈਣੀ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਬੀ.ਸੀ.ਏ. ਭਾਗ ਦੂਜਾ ਦੀ ਵਿਦਿਆਰਥਣ ਕੋਮਲ ਨੇ ਦੂਜਾ ਅਤੇ ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਸੋਨੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਜੇਤੂ ਵਿਦਿਆਰਥਣਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਵਾਈਸ-ਪਿ੍ੰਸੀਪਲ ਡਾ. ਪੁਸ਼ਪਾ ਦੇਵੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਸਾਨੂੰ ਸਮਾਨਤਾ, ਨਿਮਰਤਾ ਅਤੇ ਭਾਈਚਾਰੇ ਦਾ ਪਾਠ ਪੜ੍ਹਾਉਂਦੀ ਹੈ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮਹਾਨ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ | ਉਨ੍ਹਾਂ ਨੇ ਕਿਹਾ ਕਿ ਅਜਿਹੇ ਸਾਹਿਤਕ ਅਤੇ ਵਿਚਾਰਾਤਮਕ ਮੁਕਾਬਲੇ ਵਿਦਿਆਰਥਣਾਂ ਦੀ ਸੋਚ ਨੂੰ ਵਿਸਤਾਰ ਦਿੰਦੇ ਹਨ ਅਤੇ ਉਨ੍ਹਾਂ ਵਿਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੇ ਹਨ | ਉਨ੍ਹਾਂ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੇ ਵਿਚਾਰ ਅੱਜ ਵੀ ਸਮਾਜ ਲਈ ਪ੍ਰਸੰਗਿਕ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ | ਇਸ ਮੌਕੇ ਡਾ. ਨਿਧੀ ਬਾਲਾ, ਡਾ. ਪਰਮਜੀਤ ਸਿੰਘ, ਮੈਡਮ ਪਵਨਦੀਪ ਕੌਰ, ਮੈਡਮ ਨਿਸ਼ਾ ਅਤੇ ਮੈਡਮ ਗੁਰਜੀਤ ਕੌਰ ਸਮੇਤ ਕਾਲਜ ਦੇ ਅਧਿਆਪਕ ਹਾਜ਼ਰ ਰਹੇ |