ਪੁਰਖਾਲੀ, 1 ਮਈ (ਅੰਮਿ੍ਤਪਾਲ ਸਿੰਘ ਬੰਟੀ)-ਭੱਠਿਆਂ ਦੀਆਂ ਚਿਮਨੀਆਂ ਵਿਚੋਂ ਦਿਨ-ਰਾਤ ਨਿਕਲ ਰਿਹਾ ਜ਼ਹਿਰੀਲਾ ਕਾਲਾ ਧੂੰਆਂ ਲੋਕਾਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ | ਇਸ ਸਬੰਧੀ ਸਨਾਣਾ, ਅਕਬਰਪੁਰ, ਬਾਗਵਾਲੀ, ਫ਼ਤਿਹਪੁਰ ਅਤੇ ਨੇੜੇ ਤੇੜੇ ਤੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਖੇਤਰ 'ਚ ਲੱਗੇ ਭੱਠੇ ਵਾਤਾਵਰਨ ਲਈ ਵੱਡਾ ਖ਼ਤਰਾ ਬਣੇ ਹੋਏ ਹਨ | ਇਲਾਕਾ ਵਾਸੀ ਕੁਲਵੰਤ ਸਿੰਘ, ਜਸਵੀਰ ਸਿੰਘ, ਦਵਿੰਦਰ ਸਿੰਘ, ਜਗਦੇਵ ਸਿੰਘ, ਰਵਿੰਦਰ ਸਿੰਘ, ਰਤਨ ਸਿੰਘ, ਜਸਵੀਰ ਸਿੰਘ, ਬਲਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਹਰਪ੍ਰੀਤ ਸਿੰਘ, ਹਰਵਿੰਦਰ ਪਾਲ ਸਿੰਘ, ਮਨਜੀਤ ਕੌਰ, ਅਜਮੇਰ ਕੌਰ ਅਤੇ ਕੁਲਵੀਰ ਕੌਰ ਆਦਿ ਨੇ ਦੱਸਿਆ ਕਿ ਸਾਡੇ ਇਲਾਕੇ ਅੰਦਰ ਲੱਗੇ ਭੱਠੇ ਨਾ ਸਿਰਫ਼ ਵਾਤਾਵਰਣ ਨੂੰ ਪਲੀਤ ਕਰ ਰਹੇ ਹਨ, ਸਗੋਂ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਭੱਠਿਆਂ ਕਾਰਨ ਹਵਾ ਇੰਨੀ ਪ੍ਰਦੂਸ਼ਿਤ ਹੋ ਚੁੱਕੀ ਹੈ ਕਿ ਲੋਕਾਂ ਨੂੰ ਸਾਹ ਲੈਣ ਵਿਚ ਭਾਰੀ ਦਿੱਕਤ ਆ ਰਹੀ ਹੈ | ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਵਿਚ ਸਾਹ ਅਤੇ ਅੱਖਾਂ ਦੇ ਰੋਗ ਪੈਦਾ ਹੋ ਰਹੇ ਹਨ | ਇਸ ਦੇ ਨਾਲ ਹੀ ਭੱਠਿਆਂ ਤੋਂ ਨਿਕਲਦਾ ਧੂੰਆਂ ਘਰਾਂ ਅਤੇ ਖੇਤਾਂ ਵਿਚ ਲੱਗੀਆਂ ਫ਼ਸਲਾਂ/ਸਬਜ਼ੀਆਂ ਨੂੰ ਨੁਕਸਾਨ ਪੁੱਜਾ ਰਿਹਾ ਹੈ, ਜਿਸ ਨਾਲ ਫ਼ਸਲਾਂ ਤੇ ਸਬਜ਼ੀਆਂ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਭੱਠਿਆਂ ਦੀ ਮਾਈਨਿੰਗ ਕਾਰਨ ਇਲਾਕੇ ਦਾ ਜ਼ਮੀਨੀ ਲੈਵਲ ਵੀ ਬਹੁਤ ਨੀਵਾਂ ਹੋ ਗਿਆ ਹੈ | ਜੋ ਕਿ ਇਲਾਕੇ ਲਈ ਖ਼ਤਰੇ ਦੀ ਘੰਟੀ ਬਣ ਗਿਆ ਹੈ | ਜਦ ਇਸ ਸਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ. ਡੀ. ਓ. ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ | ਇਸ ਸਬੰਧੀ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਭੱਠਿਆਂ ਦੀ ਤੁਰੰਤ ਜਾਂਚ ਕੀਤੀ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |