ਕੀਰਤਪੁਰ ਸਾਹਿਬ, 2 ਮਈ (ਬੀਰ ਅੰਮਿ੍ਤਪਾਲ ਸਿੰਘ ਸੰਨ੍ਹੀ)- ਹਿਮਾਚਲ ਐਂਟਰੀ ਟੈਕਸ ਦੇ ਵਿਰੋਧ ਵਿਚ ਸੰਘਰਸ਼ ਕਰ ਰਹੀਆਂ ਵੱਖ-ਵੱਖ ਕਿਸਾਨ ਤੇ ਸਮਾਜਿਕ ਜਥੇਬੰਦੀਆਂ ਵਲੋਂ ਅੱਜ ਕੀਰਤਪੁਰ ਸਾਹਿਬ-ਮਨਾਲੀ ਨੈਸ਼ਨਲ ਹਾਈਵੇ ਸਥਿਤ ਮੋੜਾ ਟੋਲ ਪਲਾਜ਼ਾ 'ਤੇ ਵੱਡਾ ਐਕਸ਼ਨ ਲੈਂਦਿਆਂ ਟੋਲ ਨੂੰ ਦੁਪਹਿਰ 12 ਵਜੇ ਤੋਂ ਫ਼ਰੀ ਕਰਵਾ ਦਿੱਤਾ ਗਿਆ ਜਿਸ ਕਾਰਨ ਹਜ਼ਾਰਾਂ ਵਾਹਨਾਂ ਨੂੰ ਬਿਨਾਂ ਕਿਸੇ ਫ਼ੀਸ ਦੇ ਆਵਾਜਾਈ ਦੀ ਸਹੂਲਤ ਮਿਲੀ | ਮੌਕੇ 'ਤੇ ਪੰਜਾਬ ਮੋਰਚਾ, ਕਿਰਤੀ ਕਿਸਾਨ ਮੋਰਚਾ, ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ, ਸ਼ੇਰੇ ਪੰਜਾਬ ਯੂਨੀਅਨ ਤੇ ਟੈਕਸੀ ਯੂਨੀਅਨ ਨੂਰਪੁਰ ਬੇਦੀ ਸਮੇਤ ਕਈ ਜਥੇਬੰਦੀਆਂ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਮੌਜੂਦ ਰਹੇ | ਸੰਘਰਸ਼ਕਾਰੀਆਂ ਨੇ ਸਪਸ਼ਟ ਕੀਤਾ ਕਿ ਨੈਸ਼ਨਲ ਹਾਈਵੇ 'ਤੇ ਇੱਕ ਹੋਰ ਟੋਲ ਦੇ ਰੂਪ ਵਿਚ ਹਿਮਾਚਲ ਐਂਟਰੀ ਟੈਕਸ ਲਗਾਉਣਾ ਗ਼ੈਰ-ਕਾਨੰੂਨੀ ਤੇ ਗੈਰ-ਸੰਵਿਧਾਨਕ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਐਨ.ਐਚ.ਏ.ਆਈ. ਦੀ ਜ਼ਮੀਨ 'ਤੇ ਬਣੇ ਇਸ ਟੋਲ ਨੂੰ ਹਟਾਉਣਾ ਐਨ.ਐਚ.ਏ.ਆਈ. ਦੀ ਜ਼ਿੰਮੇਵਾਰੀ ਹੈ ਅਤੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿਚ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ | ਨਾਲ ਹੀ ਪੰਜਾਬ ਸਰਕਾਰ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਗਿਆ ਕਿ ਰੈਸੀਪਰੋਕਲ ਟੈਕਸ ਦੇ ਨਾਮ 'ਤੇ ਹੁਣ ਤੱਕ ਸਿਰਫ਼ ਵਾਅਦੇ ਹੀ ਕੀਤੇ ਗਏ ਹਨ ਜਦਕਿ ਇਸ ਨੂੰ ਤੁਰੰਤ ਲਾਗੂ ਕੀਤਾ ਜਾਣਾ ਚਾਹੀਦਾ ਹੈ | ਦੁਪਹਿਰ ਤੋਂ ਹੀ ਹਿਮਾਚਲ ਜਾਣ ਤੇ ਵਾਪਸ ਆਉਣ ਵਾਲੇ ਹਜ਼ਾਰਾਂ ਵਾਹਨਾਂ ਨੂੰ ਸੰਘਰਸ਼ਕਾਰੀਆਂ ਵਲੋਂ ਫ਼ਰੀ ਲੰਘਾਇਆ ਗਿਆ | ਸੰਘਰਸ਼ਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮਸਲੇ ਦਾ ਜਲਦੀ ਹੱਲ ਨਾ ਨਿਕਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਦੌਰਾਨ ਡਿਊਟੀ ਮੈਜਿਸਟਰੇਟ ਤੇ ਨੂਰਪੁਰ ਬੇਦੀ ਥਾਣਾ ਮੁਖੀ ਰਾਹੁਲ ਸ਼ਰਮਾ ਸਮੇਤ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਸੰਘਰਸ਼ਕਾਰੀਆਂ ਨਾਲ ਗੱਲਬਾਤ ਜਾਰੀ ਰੱਖੀ ਪਰ ਖ਼ਬਰ ਲਿਖੇ ਜਾਣ ਤੱਕ ਕੋਈ ਢੁਕਵਾਂ ਨਤੀਜਾ ਸਾਹਮਣੇ ਨਹੀਂ ਆ ਸਕਿਆ | ਮੌਕੇ 'ਤੇ ਕਿਰਤੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਵੀਰ ਸਿੰਘ ਬੜਵਾ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਸ਼ੇਰੇ ਪੰਜਾਬ ਯੂਨੀਅਨ ਦੇ ਪ੍ਰਧਾਨ ਦਲਜੀਤ ਸਿੰਘ ਗਿੱਲ, ਜਨ ਅਧਿਕਾਰ ਕਲਿਆਣ ਸੰਮਤੀ ਦੇ ਪ੍ਰਧਾਨ ਕਸ਼ਮੀਰ ਸਿੰਘ ਨੰਗਲੀ, ਜਮਹੂਰੀ ਕਿਸਾਨ ਸਭਾ ਦੇ ਆਗੂ ਧਰਮਪਾਲ ਸੈਣੀ, ਕਿਸਾਨ ਆਗੂ ਸੇਠੀ ਸ਼ਰਮਾ, ਮੁਖ਼ਤਿਆਰ ਸਿੰਘ ਮਾਲਾ, ਹਰਪ੍ਰੀਤ ਸਿੰਘ ਭੱਟੋ, ਪ੍ਰੀਤਮ ਸਿੰਘ ਮੁੰਨੇ, ਟੈਕਸੀ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਪਿ੍ੰਸ ਬੱਢਲ, ਮੇਜਰ ਸਿੰਘ ਅਸਮਾਨਪੁਰ, ਬਲਵੀਰ ਸਿੰਘ ਮੁੰਨੇ, ਧਰਮ ਸਿੰਘ ਨਿੱਕੂਵਾਲ, ਗੁਰਮੀਤ ਸਿੰਘ ਮੋਠਾਪੁਰ, ਬਲਵੀਰ ਖ਼ਾਨ ਸਮੇਤ ਵੱਡੀ ਗਿਣਤੀ 'ਚ ਨੌਜਵਾਨ, ਬਜ਼ੁਰਗ ਅਤੇ ਕਿਸਾਨ ਆਗੂ ਮੌਜੂਦ ਰਹੇ |