ਐੱਸ. ਏ. ਐੱਸ. ਨਗਰ, 3 ਮਈ (ਪ੍ਰੋ. ਅਵਤਾਰ ਸਿੰਘ)- ਮੋਦੀ ਸਰਕਾਰ ਵਲੋਂ ਘਰੇਲੂ ਗੈਸ ਸਿਲੰਡਰ ਦੇ ਰੇਟਾਂ 'ਚ ਕੀਤੇ ਗਏ ਵਾਧੇ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਵਲੋਂ ਅੱਜ ਮੁਹਾਲੀ ਦੇ ਫੇਜ਼-7 ਸਥਿਤ ਚਾਵਲਾ ਚੌਕ ਵਿਖੇ ਜ਼ਿਲ੍ਹਾ ਪੱਧਰੀ ਰੋਸ ਧਰਨਾ ਦਿੱਤਾ ਗਿਆ | ਇਸ ਧਰਨੇ 'ਚ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਆਗੂਆਂ ਤੇ ਵਰਕਰਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਦਿਆਂ ਕੇਂਦਰ ਸਰਕਾਰ ਦੀਆਂ ਮਹਿੰਗਾਈ ਵਾਲੀਆਂ ਨੀਤੀਆਂ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ 'ਆਪ' ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਗਾਤਾਰ ਗੈਸ ਸਿਲੰਡਰ ਦੇ ਰੇਟ ਵਧਾਏ ਜਾਣ ਨਾਲ ਆਮ ਲੋਕਾਂ ਦੀ ਜੇਬ 'ਤੇ ਭਾਰੀ ਆਰਥਿਕ ਬੋਝ ਪੈ ਰਿਹਾ ਹੈ | ਮਹਿੰਗਾਈ ਕਾਰਨ ਘਰੇਲੂ ਖ਼ਰਚੇ ਕਾਫੀ ਵਧ ਗਏ ਹਨ ਅਤੇ ਮੱਧ ਵਰਗ ਅਤੇ ਗ਼ਰੀਬ ਪਰਿਵਾਰਾਂ ਲਈ ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ | ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਗੈਸ ਸਿਲੰਡਰ ਦੇ ਵਧੇ ਹੋਏ ਰੇਟ ਤੁਰੰਤ ਵਾਪਸ ਲਏ ਜਾਣ | ਇਸ ਮੌਕੇ ਡਾ. ਸੰਨੀ ਸਿੰਘ ਅਹਲੂਵਾਲੀਆ (ਜਨਰਲ ਸਕੱਤਰ), ਪ੍ਰਭਜੋਤ ਕੌਰ (ਜ਼ਿਲ੍ਹਾ ਇੰਚਾਰਜ), ਗੋਵਿੰਦਰ ਮਿੱਤਲ (ਹਲਕਾ ਸੰਗਠਨ ਇੰਚਾਰਜ), ਤਰਲੋਚਨ ਸਿੰਘ (ਜ਼ਿਲ੍ਹਾ ਪ੍ਰਧਾਨ ਟ੍ਰੇਡ ਵਿੰਗ), ਮਨਦੀਪ ਸਿੰਘ (ਜ਼ਿਲ੍ਹਾ ਪ੍ਰਧਾਨ ਐਸ. ਸੀ. ਵਿੰਗ), ਕਸ਼ਮੀਰ ਕੌਰ (ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ), ਜਸਪਾਲ ਸਿੰਘ (ਜ਼ਿਲ੍ਹਾ ਮੀਡੀਆ ਇੰਚਾਰਜ), ਰਾਜ ਕੁਮਾਰ ਬਹਿਲ (ਜ਼ਿਲ੍ਹਾ ਸਕੱਤਰ ਮੀਡੀਆ ਵਿੰਗ) ਤੇ ਬਲਜੀਤ ਸਿੰਘ (ਹਲਕਾ ਮੀਡੀਆ ਕੋਆਰਡੀਨੇਟਰ) ਆਦਿ ਮੌਜੂਦ ਸਨ |