ਨੰਗਲ, 11 ਮਈ (ਗੁਰਪ੍ਰੀਤ ਸਿੰਘ ਗਰੇਵਾਲ)- ਤਲਵਾੜਾ ਟਾਊਨਸ਼ਿਪ ਤੋਂ ਆਏ ਪ੍ਰਸਿੱਧ ਹਾਸ ਵਿਅੰਗ ਲੇਖਕ ਸਮਰਜੀਤ ਸਿੰਘ ਸ਼ੰਮੀ ਵਲੋਂ ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਇਸ ਦੌਰਾਨ ਕਲੱਬ ਵਲੋਂ ਅਰੰਭੇ 'ਪਲਾਸਟਿਕ ਮੁਕਤ ਨੰਗਲ ਪ੍ਰੋਗਰਾਮ 'ਚ ਭਾਗ ਲੈਣ ਆਏ ਸਮਰਜੀਤ ਸਿੰਘ ਸ਼ਮੀ ਨੇ ਕਿਹਾ ਕਿ ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਦਾ ਪ੍ਰਦੂਸ਼ਿਤ ਹੋਣਾ ਸ਼ਰਮ ਦੀ ਗੱਲ ਹੈ | ਪਲਾਸਟਿਕ ਕਚਰਾ ਵਧਣ, ਰੁੱਖਾਂ ਦੀ ਕਟਾਈ ਤੇ ਸ਼ੋਰ ਪਰਦੂਸ਼ਣ ਕਾਰਨ ਪਰਵਾਸੀ ਪੰਛੀਆਂ ਦੀ ਆਮਦ ਵੀ ਘਟੀ ਹੈ | ਸਮਰਜੀਤ ਸਿੰਘ ਨੇ ਡਾਕਟਰ ਜੀ.ਐਸ. ਚੱਠਾ, ਡਾ. ਅਸ਼ੌਕ ਸ਼ਰਮਾ, ਡਾ. ਸਤਬੀਰ ਸਿੰਘ, ਪ੍ਰਭਾਤ ਭੱਟੀ ਤੇ ਡਾ. ਕੈਲਾਸ਼ ਠਾਕੁਰ ਦੀ ਸ਼ਲਾਘਾ ਕੀਤੀ ਜਿਹੜੇ ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਜਾਗਰੂਕ ਕਰ ਰਹੇ ਹਨ | ਇਸ ਮੌਕੇ ਆਰ.ਟੀ.ਆਈ. ਕਾਰਕੁਨ ਯੋਗੇਸ਼ ਸੱਚਦੇਵਾ ਤੇ ਸਮਾਜ ਸੇਵੀ ਸੇਖਰ ਵੀ ਮੌਜੂਦ ਸਨ |