ਬੇਲਾ, 12 ਮਈ (ਮਨਜੀਤ ਸਿੰਘ ਸੈਣੀ)-ਬਲਾਕ ਸ੍ਰੀ ਚਮਕੌਰ ਸਾਹਿਬ ਦੇ ਅਧੀਨ ਆਉਂਦੇ ਸਤਲੁਜ ਦਰਿਆ ਦੇ ਪਾਰਲੇ ਪੰਜ ਪਿੰਡਾਂ ਜਿੰਦਾਪੁਰ, ਗੋਬਿੰਦਗੜ੍ਹ ਕੁਲਚੀਆ, ਘੁੜਕੇਵਾਲ਼, ਮਾਲੇਵਾਲ, ਦੇ ਲੋਕਾਂ ਤੋਂ ਇਲਾਵਾ, ਚਮਕੌਰ ਸਾਹਿਬ, ਬਲਾਚੌਰ, ਨਵਾਂ ਸ਼ਹਿਰ ਆਉਣ ਜਾਣ ਲਈ ਚੱਲਦੀ ਕਿਸ਼ਤੀ ਪਿਛਲੇ ਕਰੀਬ ਡੇਢ ਮਹੀਨਿਆਂ ਤੋਂ ਬੰਦ ਪਈ ਹੈ, ਜਿਸ ਕਰਕੇ ਰੋਜ਼ਾਨਾ ਨੌਕਰੀ ਪੇਸ਼ਾ ਕਰਨ ਵਾਲੇ ਲੋਕਾਂ ਨੂੰ ਪਨਿਆਲੀ, ਰੋਪੜ ਹੋ ਕੇ ਪੈਂਤੀ ਚਾਲੀ ਕਿੱਲੋਮੀਟਰ ਵਾਧੂ ਸਫ਼ਰ ਤੈਅ ਕਰ ਕੇ ਆਉਣਾ ਪੈ ਰਿਹਾ ਹੈ | ਸਭ ਤੋਂ ਵੱਧ ਨੁਕਸਾਨ ਬੱਚਿਆਂ ਦਾ ਹੈ ਰਿਹਾ ਹੈ ਕਿਉਂਕਿ ਕਿ ਅੱਠਵੀਂ ਜਮਾਤ ਤੋਂ ਬਾਅਦ ਬੱਚਿਆਂ ਨੂੰ ਬੇਲਾ ਜਾ ਸ੍ਰੀ ਚਮਕੌਰ ਸਾਹਿਬ ਪੜ੍ਹਨ ਲਈ ਆਉਣਾ ਪੈਦਾ ਹੈ, ਕਿਸ਼ਤੀ ਰਾਹੀਂ ਸੱਤ ਅੱਠ ਕਿੱਲੋਮੀਟਰ ਦਾ ਪੈਂਡਾ ਬੱਚੇ ਸਾਈਕਲ ਉੱਤੇ ਆਰਾਮ ਨਾਲ ਤਹਿ ਕਰਕੇ ਆਉਂਦੇ ਸਨ, ਪ੍ਰੰਤੂ ਜਦੋਂ ਦੀ ਕਿਸ਼ਤੀ ਬੰਦ ਹੋਈ ਹੈ ਬੱਚਿਆਂ ਦਾ ਸਕੂਲ ਜਾਣਾ ਮੁਸ਼ਕਿਲ ਹੋਇਆ ਪਿਆ ਹੈ | ਗ੍ਰਾਮ ਪੰਚਾਇਤ ਜਿੰਦਾਪੁਰ ਅਧੀਨ ਚੱਲਦੀ ਕਿਸ਼ਤੀ ਦੀ ਹਰ ਸਾਲ 31 ਮਾਰਚ ਨੂੰ ਬੋਲੀ ਹੁੰਦੀ ਹੈ | ਪ੍ਰੰਤੂ ਇਸ ਵਾਰ ਪੰਚਾਇਤ ਦਾ ਕੋਰਮ ਪੂਰਾ ਨਾ ਹੋਣ ਕਰਕੇ ਕਿਸ਼ਤੀ ਦੀ ਬੋਲੀ ਨਹੀਂ ਹੋਈ ਜਿਸ ਦਾ ਖ਼ਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ, ਇਸ ਸੰਬੰਧੀ ਪੰਚਾਇਤ ਮੈਂਬਰ ਬੱਗਾ ਸਿੰਘ, ਪੰਚ ਹਰਜੀਤ ਸਿੰਘ, ਪੰਚ ਅਮਨਦੀਪ ਸਿੰਘ, ਪੰਚ ਨਵਪ੍ਰੀਤ ਕੌਰ ਨੇ ਦੱਸਿਆ ਕਿ ਜੁਲਾਈ 2025 ਵਿਚ 7.50 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਕਿਸ਼ਤੀ ਬਣਾਈ ਸੀ, ਪ੍ਰੰਤੂ ਨਵੀਂ ਕਿਸ਼ਤੀ ਬਣਾਉਣ ਲਈ ਬਹੁਤ ਘਟੀਆ ਲੱਕੜ, ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ | ਜਿਸ ਨਾਲ ਕਿਸ਼ਤੀ ਵਿਚ ਪਾਣੀ ਭਰ ਜਾਂਦਾ ਹੈ ਕਦੇ ਵੀ ਕੋਈ ਅਣਹੋਣੀ ਵਾਪਰ ਸਕਦੀ ਹੈ, ਉਨ੍ਹਾਂ ਨੇ ਕਿਸ਼ਤੀ ਬਣਾਉਣ ਦੀ ਜਾਂਚ ਲਈ ਵਿਭਾਗ ਨੂੰ ਸ਼ਿਕਾਇਤਾਂ ਵੀ ਕੀਤੀਆਂ ਹਨ | ਇਸ ਤੋਂ ਇਲਾਵਾ ਸਰਪੰਚ ਨੇ ਹੋਰ ਕੰਮਾਂ ਵਿਚ ਵੀ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ | ਜਿਨ੍ਹਾਂ ਦੀਆਂ ਸਮੇਂ ਸਮੇਂ 'ਤੇ ਬਲਾਕ ਵਿਕਾਸ ਅਫ਼ਸਰ ਸ੍ਰੀ ਚਮਕੌਰ ਸਾਹਿਬ, ਡੀ.ਡੀ.ਪੀ.ਓ. ਰੋਪੜ ਤੋਂ ਇਲਾਵਾ ਚੰਡੀਗੜ੍ਹ ਵੀ ਸ਼ਿਕਾਇਤਾਂ ਕੀਤੀਆਂ ਪ੍ਰੰਤੂ ਸਰਪੰਚ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ | ਗ੍ਰਾਮ ਪੰਚਾਇਤ ਜਿੰਦਾਪੁਰ ਦਾ ਕੋਰਮ ਪੂਰਾ ਨਾ ਹੋਣ ਕਰਕੇ ਚਾਰ ਪੰਚਾਇਤ ਮੈਂਬਰਾਂ ਨੇ ਹਲਫ਼ੀਆ ਬਿਆਨਾਂ ਰਾਹੀਂ ਅਤੇ, ਪਿੰਡ ਵਾਸੀਆਂ ਨੇ ਵਿਭਾਗ ਨੂੰ ਪੰਚਾਇਤ ਦਾ ਕੰਮ ਚਲਾਉਣ ਲਈ ਪ੍ਰਬੰਧਕ ਲਗਾਉਣ ਲਈ ਦਰਖਾਸਤਾਂ ਦਿੱਤੀਆਂ ਪ੍ਰੰਤੂ ਵਿਭਾਗ ਦੇ ਅਧਿਕਾਰੀਆਂ ਵਲੋਂ ਪ੍ਰਬੰਧਕ ਲਗਾਉਣ ਦੀ ਥਾਂ ਸਰਪੰਚ ਨਾਲ ਰਾਜ਼ੀਨਾਮਾ ਕਰਾਉਣ ਦਾ ਦਬਾਓ ਪਾਇਆ ਜਾ ਰਿਹਾ ਹੈ | ਇਸ ਮੌਕੇ ਪੰਚ ਹਰਜੀਤ ਸਿੰਘ, ਪੰਚ ਅਮਨਦੀਪ ਸਿੰਘ, ਪੰਚ ਬੱਗਾ ਸਿੰਘ, ਸਵਰਨ ਸਿੰਘ ਘੁੜਕੇਵਾਲ਼, ਸਾਬਕਾ ਸਰਪੰਚ ਲੱਖਾ ਸਿੰਘ, ਮੌਲਵੀ ਉਮਰਦੀਨ ਜੀ, ਨੰਬਰਦਾਰ ਦਰਸ਼ਣ ਸਿੰਘ, ਸੰਗਤ ਸਿੰਘ, ਅਮਰ ਸਿੰਘ, ਆਦਿ ਨੇ ਕਿਸ਼ਤੀ ਚਲਾਉਣ ਅਤੇ ਪਿੰਡ ਦੇ ਵਿਕਾਸ ਕਾਰਜਾਂ ਲਈ ਪ੍ਰਬੰਧਕ ਲਗਾਉਣ ਦੀ ਮੰਗ ਕੀਤੀ | ਇਸ ਸੰਬੰਧੀ ਸਰਪੰਚ ਜਤਿੰਦਰ ਕੌਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕਿਸ਼ਤੀ ਚਲਾਉਣ ਲਈ ਦੋ ਵਾਰ ਬੋਲੀ ਦਾ ਸਮਾਂ ਰੱਖਿਆ ਸੀ, ਪ੍ਰੰਤੂ ਬੋਲੀਕਾਰਾਂ ਨੇ ਸੱਤਰ ਹਜ਼ਾਰ ਰੁਪਏ ਬੋਲੀ ਲਗਾਈ ਸੀ, ਜੋ ਕਿ ਸਰਕਾਰੀ ਬੋਲੀ ਇੱਕ ਲੱਖ ਵੀਹ ਹਜ਼ਾਰ ਸੀ ਸਰਕਾਰੀ ਬੋਲੀ ਤੋਂ ਕਾਫ਼ੀ ਘੱਟ ਬੋਲੀ ਲਗਾਉਣ ਕਾਰਣ ਬੋਲੀ ਰੱਦ ਕੀਤੀ ਗਈ ਹੈ, ਹੁਣ ਉਨ੍ਹਾਂ ਨੇ ਵੀਹ ਦਿਨਾਂ ਲਈ ਕਿਰਾਏ 'ਤੇ ਕਿਸ਼ਤੀ ਚਲਾਉਣ ਦਾ ਪ੍ਰਬੰਧ ਕੀਤਾ ਹੈ ਇੱਕ ਦੋ ਦਿਨ ਵਿਚ ਕਿਸ਼ਤੀ ਚਾਲੂ ਕਰ ਦਿੱਤੀ ਜਾਵੇਗੀ |