ਰੂਪਨਗਰ, 13 ਮਈ (ਗੁਰਪ੍ਰੀਤ ਸਿੰਘ ਹੁੰਦਲ)- ਨਗਰ ਕੌਂਸਲ ਚੋਣਾਂ ਦਾ ਐਲਾਨ ਹੁੰਦੇ ਹੀ ਭਾਰਤੀ ਜਨਤਾ ਪਾਰਟੀ ਰੂਪਨਗਰ ਸਰਕਲ ਨੇ ਆਪਣੀਆਂ ਚੋਣ ਤਿਆਰੀਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ | ਭਾਜਪਾ ਰੂਪਨਗਰ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਦੀ ਅਗਵਾਈ ਹੇਠ ਪਾਰਟੀ ਵਰਕਰਾਂ, ਸਮਰਥਕਾਂ ਅਤੇ ਸੀਨੀਅਰ ਆਗੂਆਂ ਦੀ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਪਾਰਟੀ ਵਰਕਰਾਂ ਨੂੰ ਹੁਣ ਤੋਂ ਹੀ ਚੋਣ ਮੈਦਾਨ ਵਿਚ ਸਰਗਰਮ ਹੋ ਕੇ ਲੋਕਾਂ ਵਿਚ ਜਾਣ ਦਾ ਸੱਦਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਨਗਰ ਕੌਂਸਲ ਦਾ ਦੁਰਪਯੋਗ ਕੀਤਾ ਤੇ ਸ਼ਹਿਰ ਦੇ ਵਿਕਾਸ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ | ਆਗੂਆਂ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਟੁੱਟੀਆਂ ਹੋਈਆਂ ਹਨ, ਕਈ ਇਲਾਕਿਆਂ 'ਚ ਸਟਰੀਟ ਲਾਈਟਾਂ ਦੀ ਵਿਵਸਥਾ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ, ਗਲੀਆਂ ਤੇ ਨਾਲੀਆਂ ਗੰਦਗੀ ਨਾਲ ਭਰੀਆਂ ਪਈਆਂ ਹਨ ਅਤੇ ਨਗਰ ਕੌਂਸਲ ਕੋਲ ਸਮੱਸਿਆਵਾਂ ਦੇ ਹੱਲ ਲਈ ਕੋਈ ਠੋਸ ਤੇ ਪ੍ਰਭਾਵਸ਼ਾਲੀ ਪ੍ਰਬੰਧ ਨਜ਼ਰ ਨਹੀਂ ਆ ਰਿਹਾ | ਉਨ੍ਹਾਂ ਕਿਹਾ ਕਿ ਆਮ ਲੋਕ ਬੁਨਿਆਦੀ ਸਹੂਲਤਾਂ ਲਈ ਪਰੇਸ਼ਾਨ ਹਨ ਪਰ ਨਗਰ ਕੌਂਸਲ ਸਿਰਫ ਕਾਗਜ਼ੀ ਦਾਵਿਆਂ ਤੱਕ ਹੀ ਸੀਮਿਤ ਰਹਿ ਗਈ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਨਗਰ ਕੌਂਸਲ ਨੂੰ ਵਿਕਾਸ ਦਾ ਮਾਧਿਅਮ ਬਣਾਉਣ ਦੀ ਬਜਾਏ ਰਾਜਨੀਤਿਕ ਸਵਾਰਥਾਂ ਲਈ ਵਰਤਿਆ ਜਿਸ ਕਾਰਨ ਸ਼ਹਿਰ ਦੀਆਂ ਸਮੱਸਿਆਵਾਂ ਲਗਾਤਾਰ ਵੱਧਦੀਆਂ ਗਈਆਂ | ਹੁਣ ਰੂਪਨਗਰ ਦੀ ਜਨਤਾ ਬਦਲਾਅ ਚਾਹੁੰਦੀ ਹੈ | ਇਸ ਮੌਕੇ ਅਮਨਪ੍ਰੀਤ ਸਿੰਘ ਕਾਬੜਵਾਲ, ਰਾਜੇਸ਼ ਨਿਝਾਵਨ, ਜੀਤ ਰਾਮ, ਗਗਨ ਗੁਪਤਾ, ਚੇਤਨਾ ਵਰਮਾ, ਮੋਨੂ ਵਰਮਾ, ਰਵਿੰਦਰ ਸ਼ਰਮਾ, ਕੰਜਨ ਬਾਲਾ, ਜੀਵਤ ਜੈਨ, ਅਸ਼ਵਨੀ ਸ਼ਰਮਾ, ਰਮਨ ਕਾਲੀਆ, ਰਾਜੇਸ਼ਵਰ ਨੱਡਾ, ਰਾਜ ਕੁਮਾਰ ਚੌਹਾਨ, ਅਜੈ ਨਿਸ਼ਚਲ, ਇੰਦਰਪਾਲ ਸਿੰਘ, ਪਰਵੀਨ ਪੀਨਾ, ਅਭਿਸ਼ੇਕ ਅਗਨਿਹੋਤਰੀ, ਗੁਰਕੀਰਤ ਸਿੰਘ ਸੈਣੀ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਅਤੇ ਸਮਰਥਕ ਹਾਜ਼ਰ ਰਹੇ |