ਨੰਗਲ, 13 ਮਈ (ਪ੍ਰੀਤਮ ਸਿੰਘ ਬਰਾਰੀ)- ਨੰਗਲ ਬਾਈ ਸਾਈਕਲ (ਐਨ.ਬੀ.ਸੀ.) ਟੀਮ ਨੇ ਐੱਸ.ਐੱਸ.ਪੀ. ਰੂਪਨਗਰ ਮਨਿੰਦਰ ਸਿੰਘ ਨਾਲ ਆਉਣ ਵਾਲੇ ਕਮਿਊਨਿਟੀ ਸਾਈਕਲਿੰਗ ਪ੍ਰੋਗਰਾਮ, 'ਭਾਖੜਾ ਰਾਈਡ 2.0' ਸੰਬੰਧੀ ਮੁਲਾਕਾਤ ਕੀਤੀ | ਮੀਟਿੰਗ ਦੌਰਾਨ, ਪ੍ਰੋਗਰਾਮ ਦੀ ਰੂਪਰੇਖਾ, ਸੁਰੱਖਿਆ ਪ੍ਰਬੰਧ, ਟਰੈਫ਼ਿਕ ਪ੍ਰਬੰਧ ਤੇ ਨੌਜਵਾਨਾਂ ਦੀ ਭਾਗੀਦਾਰੀ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਗਈ | ਐਨ.ਬੀ.ਸੀ. ਵਲੋਂ ਐਨ.ਬੀ.ਸੀ. ਦੇ ਟਰੱਸਟੀ ਕਰਨ ਚੌਧਰੀ ਤੇ ਅਸ਼ੀਸ਼ਪਾਲ ਸਿੰਘ ਨੇ ਦੱਸਿਆ ਕਿ 'ਭਾਖੜਾ ਰਾਈਡ 2.0' ਵਿਸ਼ਵ ਸਾਈਕਲ ਦਿਵਸ ਫਿੱਟ ਇੰਡੀਆ ਮੂਵਮੈਂਟ ਤੇ ਬੀ.ਬੀ.ਐਮ.ਬੀ. ਦੇ ਸਹਿਯੋਗ ਨਾਲ 7 ਜੂਨ ਨੂੰ ਨੰਗਲ ਵਿਖੇ ਮਨਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਐੱਸ.ਐੱਸ.ਪੀ. ਰੂਪਨਗਰ ਨੇ ਐਨ.ਬੀ.ਸੀ. ਦੇ ਤੰਦਰੁਸਤੀ, ਸੜਕ ਸੁਰੱਖਿਆ ਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਇਸ ਪ੍ਰੋਗਰਾਮ ਦੇ ਸਫਲ ਤੇ ਸੁਰੱਖਿਅਤ ਆਯੋਜਨ ਲਈ ਰੂਪਨਗਰ ਪੁਲਿਸ ਦੇ ਪੂਰੇ ਸਮਰਥਨ ਦਾ ਭਰੋਸਾ ਦਿੱਤਾ |