ਰੂਪਨਗਰ-ਸੰਤ ਬਾਬਾ ਖ਼ੁਸ਼ਹਾਲ ਸਿੰਘ ਜੀ, ਮੁੱਖ ਪ੍ਰਬੰਧਕ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ ਟਿੱਬੀ ਸਾਹਿਬ ਰੂਪਨਗਰ, 25 ਮਈ 2025 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਨੇ ਆਪਣਾ ਸਾਰਾ ਜੀਵਨ ਬਹੁਤ ਹੀ ਸਾਦਗੀ, ਨਿਮਰਤਾ ਅਤੇ ਸਿਮਰਨ ਭਾਵਨਾ ਨਾਲ ਬਿਤਾਇਆ | ਬਾਬਾ ਜੀ ਦਾ ਜਨਮ 15 ਅਕਤੂਬਰ 1929 ਨੂੰ ਪਿੰਡ ਬਹਾਦਰਪੁਰ ਵਿਖੇ ਪਿਤਾ ਸ੍ਰੀ ਈਸ਼ਰ ਸਿੰਘ ਅਤੇ ਮਾਤਾ ਸ੍ਰੀਮਤੀ ਰੱਖੋ ਦੇ ਘਰ ਹੋਇਆ | ਆਪ ਜੀ ਨੇ ਮੈਟਿ੍ਕ ਤੱਕ ਪੜ੍ਹਾਈ ਕੀਤੀ ਅਤੇ ਬਾਅਦ ਵਿਚ ਸਿੰਚਾਈ ਵਿਭਾਗ ਵਿਚ ਸਰਵੇਅਰ ਵਜੋਂ ਸੇਵਾ ਨਿਭਾਈ | ਛੋਟੀ ਉਮਰ ਤੋਂ ਹੀ ਆਪ ਗੁਰਬਾਣੀ ਅਤੇ ਨਾਮ ਸਿਮਰਨ ਨਾਲ ਜੁੜ ਗਏ ਸਨ | ਪੰਜ ਬਾਣੀਆਂ ਸਮੇਤ ਸੁਖਮਨੀ ਸਾਹਿਬ ਅਤੇ ਆਸਾ ਦੀ ਵਾਰ ਆਪ ਜੀ ਨੂੰ ਕੰਠ ਸੀ | ਬਚਪਨ ਵਿਚ ਹੀ ਆਪ ਸੰਤ ਬਾਬਾ ਸ਼ਾਦੀ ਸਿੰਘ ਜੀ ਦੇ ਸੰਪਰਕ ਵਿਚ ਆ ਗਏ | ਸਤਲੁਜ ਦਰਿਆ ਦੇ ਕੰਢੇ ਭਗਤ ਸਿੰਘ ਮਸਤ ਵਲੋਂ ਪ੍ਰਗਟ ਕੀਤੇ ਅਸਥਾਨ ਕੋਟ ਪੁਰਾਣ ਟਿੱਬੀ ਸਾਹਿਬ ਦੀ ਸੇਵਾ ਬਾਬਾ ਸ਼ਾਦੀ ਸਿੰਘ ਜੀ ਨੂੰ ਸੌਂਪੀ ਗਈ ਸੀ | ਫ਼ੌਜ ਵਿਚ ਸੇਵਾ ਨਿਭਾਉਣ ਵਾਲੇ ਬਾਬਾ ਸ਼ਾਦੀ ਸਿੰਘ ਜੀ ਨੇ ਲੱਕੜ ਦਾ ਗੁਰੂ ਘਰ ਤਿਆਰ ਕੀਤਾ ਅਤੇ ਦਰਬਾਰ ਸਾਹਿਬ, ਲੰਗਰ ਹਾਲ ਅਤੇ ਹੋਰ ਇਮਾਰਤਾਂ ਦੀ ਯੋਜਨਾ ਤਿਆਰ ਕੀਤੀ | ਸੰਨ 1987 ਵਿਚ ਉਨ੍ਹਾਂ ਦੇ ਸੱਚਖੰਡ ਵਾਸ ਹੋਣ ਤੋਂ ਬਾਅਦ ਇਹ ਸੇਵਾ ਸੰਤ ਬਾਬਾ ਖ਼ੁਸ਼ਹਾਲ ਸਿੰਘ ਜੀ ਨੇ ਸੰਭਾਲੀ | ਉਸ ਦਿਨ ਤੋਂ ਬਾਬਾ ਜੀ ਪੂਰੀ ਤਰ੍ਹਾਂ ਗੁਰਦੁਆਰਾ ਕੋਟ ਪੁਰਾਣ ਟਿੱਬੀ ਸਾਹਿਬ ਨੂੰ ਸਮਰਪਿਤ ਹੋ ਗਏ | 24 ਮਈ 1998 ਨੂੰ ਆਪ ਜੀ ਨੇ ਬਾਬਾ ਅਵਤਾਰ ਸਿੰਘ ਜੀ ਨੂੰ ਆਪਣੇ ਨਾਲ ਜੋੜ ਲਿਆ ਅਤੇ ਕਈ ਕਾਰਜਾਂ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ 'ਤੇ ਸੌਂਪ ਦਿੱਤੀ | ਅੱਜ ਇਹ ਅਸਥਾਨ ਕੇਵਲ ਰੂਪਨਗਰ ਜ਼ਿਲ੍ਹੇ ਦਾ ਹੀ ਨਹੀਂ, ਸਗੋਂ ਪੰਜਾਬ ਅਤੇ ਵਿਦੇਸ਼ਾਂ ਵਿਚ ਵੀ ਇੱਕ ਸੁੰਦਰ ਅਤੇ ਰਮਣੀਕ ਧਾਰਮਿਕ ਸਥਾਨ ਵਜੋਂ ਪ੍ਰਸਿੱਧ ਹੈ | ਕਿਸਾਨ ਅੰਦੋਲਨ ਸਮੇਤ ਹਰ ਸਮਾਜਿਕ ਅਤੇ ਧਾਰਮਿਕ ਮੌਕੇ 'ਤੇ ਇੱਥੋਂ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਰਹੀ ਹੈ | ਲੋੜਵੰਦਾਂ ਲਈ ਮੈਡੀਕਲ ਕੈਂਪ ਅਤੇ ਹੋਰ ਸੇਵਾਵਾਂ ਵੀ ਨਿਰੰਤਰ ਚੱਲਦੀਆਂ ਹਨ | ਇੱਥੇ ਹਰ ਵੇਲੇ ਦੇਸੀ ਘਿਓ ਦਾ ਲੰਗਰ ਤਿਆਰ ਮਿਲਦਾ ਹੈ ਅਤੇ ਲੋਕ ਆਪਣੀਆਂ ਖ਼ੁਸ਼ੀਆਂ ਤੇ ਗ਼ਮਾਂ ਦੇ ਸਮਾਗਮ ਵੀ ਇੱਥੇ ਕਰਦੇ ਹਨ | ਗੁਰਦੁਆਰਾ ਹੈੱਡ ਦਰਬਾਰ ਟਿੱਬੀ ਸਾਹਿਬ ਦੇ ਮੁੱਖ ਸੇਵਾਦਾਰ ਛੋਟੇ ਸੰਤ ਬਾਬਾ ਅਵਤਾਰ ਸਿੰਘ ਜੀ ਅਨੁਸਾਰ, ਸੰਤ ਬਾਬਾ ਖ਼ੁਸ਼ਹਾਲ ਸਿੰਘ ਜੀ ਸੰਸਾਰ ਤਿਆਗਣ ਤੋਂ ਪਹਿਲਾਂ ਆਪਣੇ ਬਸਤਰ, ਬਕਸਾ ਅਤੇ ਹੋਰ ਤਿਆਰੀਆਂ ਖ਼ੁਦ ਕਰ ਗਏ ਸਨ | ਸੰਖੇਪ ਬਿਮਾਰੀ ਤੋਂ ਬਾਅਦ 25 ਮਈ 2025 ਦੀ ਤੜਕੇ ਉਹ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਦੀ ਪਹਿਲੀ ਬਰਸੀ ਮੌਕੇ 25 ਮਈ 2026 ਨੂੰ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ ਟਿੱਬੀ ਸਾਹਿਬ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ | ਸਵੇਰੇ 10 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪ੍ਰਸਿੱਧ ਕੀਰਤਨੀ ਜਥੇ ਅਤੇ ਮਹਾਂਪੁਰਸ਼ ਗੁਰਬਾਣੀ ਕੀਰਤਨ ਅਤੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਸੰਤ ਬਾਬਾ ਅਵਤਾਰ ਸਿੰਘ ਜੀ, ਮੁਖੀ ਗੁਰਦੁਆਰਾ ਸਾਹਿਬ ਵਲੋਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਸਮੇਂ ਸਿਰ ਪਹੁੰਚ ਕੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਹਾਜ਼ਰੀ ਭਰੋ ਅਤੇ ਆਪਣੇ ਜੀਵਨ ਨੂੰ ਸਫਲ ਬਣਾਓ ਜੀ | ਸਤਨਾਮ ਸਿੰਘ ਸੱਤੀ