ਕਾਹਨਪੁਰ ਖੂਹੀ, 24 ਮਈ, (ਗੁਰਬੀਰ ਸਿੰਘ ਵਾਲੀਆ)-ਪਿੰਡ ਹੀਰਪੁਰ ਵਿਖੇ ਬੀਤੇ ਦਿਨੀਂ 'ਪੇਂਡੂ ਸਿਹਤ ਅਤੇ ਖ਼ੁਰਾਕ ਕਮੇਟੀ' ਦੀ ਇੱਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਦੌਰਾਨ ਗਰਮੀ ਦੇ ਮੌਸਮ ਵਿਚ ਫੈਲਣ ਵਾਲੀਆਂ ਬਿਮਾਰੀਆਂ ਖ਼ਾਸ ਕਰਕੇ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਸਬੰਧੀ ਲੋਕਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਮੀਟਿੰਗ ਦਾ ਮੁੱਖ ਉਦੇਸ਼ ਪਿੰਡ ਵਾਸੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਮੱਛਰਾਂ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਾਵਧਾਨੀਆਂ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ | ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਗਰਮੀ ਅਤੇ ਬਰਸਾਤ ਦੇ ਮੌਸਮ ਵਿਚ ਘਰਾਂ ਦੇ ਆਲੇ-ਦੁਆਲੇ ਖੜ੍ਹੇ ਪਾਣੀ ਕਾਰਨ ਮੱਛਰ ਤੇਜ਼ੀ ਨਾਲ ਪੈਦਾ ਹੁੰਦੇ ਹਨ, ਜਿਸ ਨਾਲ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਸ਼ੁੱਕਰਵਾਰ ਨੂੰ 'ਡਰਾਈ ਡੇ' ਵਜੋਂ ਮਨਾਇਆ ਜਾਵੇ ਅਤੇ ਕੂਲਰਾਂ, ਗਮਲਿਆਂ, ਟੈਂਕੀਆਂ ਅਤੇ ਹੋਰ ਬਰਤਨਾਂ ਵਿਚ ਖੜ੍ਹਾ ਪਾਣੀ ਸਮੇਂ-ਸਮੇਂ ਤੇ ਸਾਫ਼ ਕੀਤਾ ਜਾਵੇ ਤਾਂ ਜੋ ਮੱਛਰਾਂ ਦੇ ਲਾਰਵੇ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ | ਇਸ ਮੌਕੇ ਹਾਜ਼ਰ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਦੇ ਲੱਛਣਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਬੁਖ਼ਾਰ ਜਾਂ ਹੋਰ ਸੰਬੰਧਿਤ ਲੱਛਣ ਸਾਹਮਣੇ ਆਉਣ 'ਤੇ ਤੁਰੰਤ ਸਿਹਤ ਕੇਂਦਰ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ | ਮੀਟਿੰਗ ਵਿਚ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ, ਸਰਪੰਚ ਸ਼ਿੰਗਾਰਾ ਸਿੰਘ, ਫੀਮੇਲ ਵਰਕਰ ਅਨੀਤਾ ਰਾਣੀ, ਮੇਲ ਵਰਕਰ ਕਮਲ ਕਿਸ਼ੋਰ ਸ਼ਰਮਾ, ਆਸ਼ਾ ਵਰਕਰ ਹਰਜੀਤ ਕੌਰ, ਆਂਗਣਵਾੜੀ ਵਰਕਰ ਗੁਰਬਖ਼ਸ਼ ਕੌਰ ਅਤੇ ਆਯੂਸ਼ਮਾਨ ਅਰੋਗਿਆ ਕੇਂਦਰ ਦੀ ਸੀ.ਐਚ.ਓ ਮਨੀਸ਼ਾ ਸਮੇਤ ਕਮੇਟੀ ਦੇ ਹੋਰ ਮੈਂਬਰ ਵੀ ਮੌਜੂਦ ਰਹੇ |