ਨੂਰਪੁਰ ਬੇਦੀ, 24 ਮਈ (ਰਾਜੇਸ਼ ਚੌਧਰੀ ਤਖਤਗੜ੍ਹ)-ਆਲ ਪੰਜਾਬ ਕਰੈਸ਼ਰ ਐਸੋਸੀਏਸ਼ਨ ਪੰਜਾਬ ਦੇ ਨੁਮਾਇੰਦਿਆਂ ਦੀ ਇੱਕ ਅਹਿਮ ਮੀਟਿੰਗ ਡਾਇਰੈਕਟਰ ਮਾਈਨਿੰਗ ਅਤੇ ਜਿਉਲੋਜੀ ਪੰਜਾਬ ਚੰਡੀਗੜ੍ਹ ਅਭੀਜੀਤ ਕਪਲਿਸ਼ ਨਾਲ ਹੋਈ | ਜਥੇਬੰਦੀ ਦੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਪੰਜਾਬ ਭਰ ਤੋਂ ਕਰੈਸ਼ਰ ਉਦਯੋਗ ਨਾਲ ਜੁੜੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਕਰੈਸ਼ਰ ਉਦਯੋਗ ਨੂੰ ਆ ਰਹੀਆਂ ਵੱਖ-ਵੱਖ ਮੁਸ਼ਕਲਾਂ ਅਤੇ ਚੁਨੌਤੀਆਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ | ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਮਾਈਨਿੰਗ ਅਤੇ ਕਰੈਸ਼ਰ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਸਰਕਾਰੀ ਪ੍ਰਕਿਰਿਆਵਾਂ, ਮਨਜ਼ੂਰੀਆਂ, ਰੋਇਲਟੀ ਅਤੇ ਹੋਰ ਪ੍ਰਸ਼ਾਸਨਿਕ ਕਾਰਵਾਈਆਂ ਵਿਚ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਮੰਗ ਕੀਤੀ ਕਿ ਕਰੈਸ਼ਰ ਉਦਯੋਗ ਨਾਲ ਜੁੜੀਆਂ ਨੀਤੀਆਂ ਨੂੰ ਸਰਲ ਅਤੇ ਪਾਰਦਰਸ਼ੀ ਬਣਾਇਆ ਜਾਵੇ ਤਾਂ ਜੋ ਉਦਯੋਗ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾ ਸਕੇ | ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਕਰੈਸ਼ਰ ਉਦਯੋਗ ਪੰਜਾਬ ਦੇ ਵਿਕਾਸ ਅਤੇ ਨਿਰਮਾਣ ਕਾਰਜਾਂ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ | ਇਸ ਉਦਯੋਗ ਨਾਲ ਹਜ਼ਾਰਾਂ ਲੋਕਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ, ਜਿਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਜਾਇਜ਼ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਜਾਵੇ | ਡਾਇਰੈਕਟਰ ਅਭੀਜੀਤ ਕਪਲਿਸ਼ ਨੇ ਨੁਮਾਇੰਦਿਆਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਕਰੈਸ਼ਰ ਉਦਯੋਗ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਵਿਭਾਗ ਵਲੋਂ ਯੋਗ ਕਦਮ ਚੁੱਕੇ ਜਾਣਗੇ | ਉਨ੍ਹਾਂ ਕਿਹਾ ਕਿ ਸਰਕਾਰ ਉਦਯੋਗ ਅਤੇ ਪ੍ਰਸ਼ਾਸਨ ਵਿਚਕਾਰ ਬਿਹਤਰ ਤਾਲਮੇਲ ਬਣਾਉਣ ਲਈ ਵਚਨਬੱਧ ਹੈ | ਇਸ ਮੌਕੇ ਬਲਬੀਰ ਸਿੰਘ ਸੰਧੂ, ਸਕੱਤਰ ਲਕਸ਼ਮਣ ਨਈਅਰ, ਸਰਬਜੀਤ ਸਿੰਘ ਖਿਜਰਾਬਾਦ, ਦਲਬੀਰ ਸਿੰਘ ਐਲਗਰਾ, ਜੋਗਿੰਦਰ ਸਿੰਘ ਮੁਬਾਰਕਪੁਰ, ਭਜਨ ਸਿੰਘ ਭਰਤਗੜ੍ਹ, ਮਨਮੋਹਨ ਸਿੰਘ ਬਾਜਵਾ ਅਗਮਪੁਰ ਅਤੇ ਸਮੇਤ ਹੋਰ ਕਈ ਨੁਮਾਇੰਦੇ ਹਾਜ਼ਰ ਸਨ |