ਸ੍ਰੀ ਚਮਕੌਰ ਸਾਹਿਬ, 24 ਮਈ (ਜਗਮੋਹਣ ਸਿੰਘ ਨਾਰੰਗ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ 2 ਜੂਨ ਨੂੰ ਸਿੱਖਿਆ ਭਵਨ ਮੁਹਾਲੀ ਵਿਖੇ ਰੋਸ ਮੁਜ਼ਾਹਰਾ ਤੇ ਰੈਲੀ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ, ਇਹ ਜਾਣਕਾਰੀ ਦਿੰਦਿਆਂ ਜੀ ਟੀ ਯੂ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਅਤੇ ਪ੍ਰੈੱਸ ਸਕੱਤਰ ਧਰਮਿੰਦਰ ਸਿੰਘ ਭੰਗੂ ਨੇ ਕਿਹਾ ਕਿ ਸਰਕਾਰ ਅਧਿਆਪਕ ਮਸਲਿਆਂ ਨੂੰ ਹੱਲ ਕਰਨ ਅਤੇ ਵਿੱਦਿਅਕ ਢਾਂਚੇ ਨੂੰ ਮਜ਼ਬੂਤ ਕਰਨ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ | ਕਿਉਂਕਿ ਸਰਕਾਰ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈ ਕੇ ਪੰਜਾਬ ਦੇ ਵਿੱਦਿਅਕ ਮਾਹੌਲ ਨੂੰ ਤਹਿਸ ਨਹਿਸ ਕਰਨ 'ਤੇ ਲੱਗੀ ਹੋਈ ਹੈ | ਅੱਜ ਅੱਸੀ ਫ਼ੀਸਦੀ ਦੇ ਕਰੀਬ ਅਧਿਆਪਕ ਜਨਗਣਨਾ, ਬੀ ਐੱਲ.ਓ. ਡਿਊਟੀ ਅਤੇ ਡਰੱਗ ਅਤੇ ਸਮਾਜਿਕ ਆਰਥਿਕ ਗਣਨਾ ਦੇ ਕੰਮਾਂ ਵਿਚ ਲਗਾਏ ਗਏ ਹਨ, ਜਿਸ ਕਾਰਨ ਸਕੂਲਾਂ ਵਿਚ ਸਿੱਖਿਆ ਦਾ ਮਾਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ | ਆਗੂਆਂ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ, ਪੁਰਾਣੇ ਸਕੇਲ ਅਤੇ ਭੱਤਿਆਂ ਦੀ ਬਹਾਲੀ, ਅਧਿਆਪਕਾ ਨੂੰ ਗੈਰ ਵਿੱਦਿਅਕ ਕੰਮਾਂ ਵਿਚ ਉਲਜਾਉਣਾ, ਵੱਖ-ਵੱਖ ਵਰਗਾਂ ਦੇ ਅਧਿਆਪਕਾ ਦੀਆਂ ਪਰਮੋਸ਼ਨਾਂ, ਮੈਰਿਟ ਦੇ ਆਧਾਰ 'ਤੇ ਬਦਲੀਆਂ, ਬਾਰਡਰ ਏਰੀਆ ਭੱਤਾ ਅਤੇ ਪੇਂਡੂ ਏਰੀਆ ਭੱਤਾ ਦੀ ਬਹਾਲੀ, ਛੇਵਾਂ ਪੇ ਕਮਿਸ਼ਨ ਲਾਗੂ ਹੋਣ ਸਮੇਂ ਬਣੀ ਜ਼ਿਲ੍ਹਾ ਪ੍ਰੀਸ਼ਦਾਂ ਤੋਂ ਆਏ ਅਧਿਆਪਕਾਂ ਦੀ ਆਪਸੀ ਸੀਨੀਅਰ ਜੂਨੀਅਰ ਪੇਅ ਅਨਾਮਲੀ ਦੂਰ ਕਰਨ, ਸਕੂਲਾਂ 'ਚ ਪਈਆਂ ਖ਼ਾਲੀ ਅਸਾਮੀਆਂ ਨੂੰ ਭਰਨ, ਨਵੀਂ ਸਿੱਖਿਆ ਨੀਤੀ ਰੱਦ ਕਰਾਉਣ ਲਈ ਤੇ ਪੰਜਾਬ ਦੀ ਆਪਣੀ ਸਿੱਖਿਆ ਨੀਤੀ ਬਣਾਉਣ, ਸਿੱਖਿਆ ਪ੍ਰੋਵਾਈਡਰ, ਈ.ਜੀ.ਐਸ. ਵਲੰਟੀਅਰ, ਐਸ. ਟੀ. ਆਰ. ਅਧਿਆਪਕਾ ਅਤੇ ਐਨ. ਐਸ. ਕਿੳ.ੁ ਐਫ. ਵੋਕੇਸ਼ਨਲ ਟ੍ਰੇਨਰਾਂ ਨੂੰ ਸਿੱਖਿਆ ਵਿਭਾਗ 'ਚ ਲਿਆ ਕੇ ਰੈਗੂਲਰ ਕਰਨ ਆਦਿ ਮੰਗਾਂ ਨੂੰ ਲੈ ਕੇ ਦੋ ਜੂਨ ਸਮੁੱਚੇ ਪੰਜਾਬ ਦੇ ਅਧਿਆਪਕ ਵੱਡੀ ਗਿਣਤੀ ਵਿਚ ਸਿੱਖਿਆ ਭਵਨ ਮੁਹਾਲੀ ਵਿਖੇ ਆਪਣੇ ਰੋਹ ਦਾ ਪ੍ਰਗਟਾਵਾ ਕਰਨਗੇ | ਉਨ੍ਹਾਂ ਸਮੂਹ ਅਧਿਆਪਕਾਂ ਨੂੰ ਇਸ ਮੁਜ਼ਾਹਰੇ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਤਾਂ ਸਕੂਲਾਂ ਵਿਚ ਸਿੱਖਿਆ ਪੱਖੀ ਮਾਹੌਲ ਸਿਰਜਿਆ ਜਾ ਸਕੇ ਅਤੇ ਅਧਿਆਪਕ ਵਰਗ ਦੀਆਂ ਹੱਕੀ ਮੰਗਾਂ ਦੀ ਪੂਰਤੀ ਹੋ ਸਕੇ |