ਰੂਪਨਗਰ, 28 ਮਈ (ਸਤਨਾਮ ਸਿੰਘ ਸੱਤੀ)- ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੀ ਵੋਟਾਂ ਦੀ ਗਿਣਤੀ ਨੂੰ ਸੁਚਾਰੂ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਚੋਣ ਅਬਜ਼ਰਵਰ ਜਗਜੀਤ ਸਿੰਘ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਚ ਸਮੂਹ ਐਸ.ਡੀ.ਐਮਜ਼, ਰਿਟਰਨਿੰਗ ਤੇ ਸਹਾਇਕ ਰਿਟਰਨਿੰਗ ਅਫ਼ਸਰਾਂ, ਪੁਲਿਸ ਅਧਿਕਾਰੀਆਂ ਅਤੇ ਮਾਈਕਰੋ ਅਬਜ਼ਰਵਰਾਂ ਨਾਲ ਮੀਟਿੰਗ ਕੀਤੀ | ਮੀਟਿੰਗ ਦੌਰਾਨ ਚੋਣ ਅਬਜ਼ਰਵਰ ਨੇ ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ | ਉਨ੍ਹਾਂ ਵੀਡੀਓਗ੍ਰਾਫੀ, ਸੀ.ਸੀ.ਟੀ.ਵੀ. ਨਿਗਰਾਨੀ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਖਾਸ ਤਰਜੀਹ ਦੇਣ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 'ਅਮਨਦੀਪ ਸਿੰਘ ਨਾਗੀ ਬਨਾਮ ਸਟੇਟ ਆਫ ਪੰਜਾਬ' ਕੇਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਵੋਟਾਂ ਦੀ ਗਿਣਤੀ ਦੀ ਪੂਰੀ ਵੀਡੀਓਗ੍ਰਾਫੀ ਕਰਕੇ ਰਿਕਾਰਡ ਸੁਰੱਖਿਅਤ ਰੱਖਿਆ ਜਾਵੇ | ਮੀਟਿੰਗ ਵਿਚ ਦੱਸਿਆ ਗਿਆ ਕਿ ਸਾਰੇ ਕਾਊਾਟਿੰਗ ਸੈਂਟਰਾਂ 'ਤੇ ਬੁਨਿਆਦੀ ਢਾਂਚਾਗਤ ਤੇ ਸੁਰੱਖਿਆ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਕਾਊਾਟਿੰਗ ਸੁਪਰਵਾਈਜ਼ਰਾਂ ਅਤੇ ਸਹਾਇਕਾਂ ਨੂੰ ਟਰੇਨਿੰਗ ਦਿੱਤੀ ਜਾ ਚੁੱਕੀ ਹੈ ਤੇ ਉਮੀਦਵਾਰਾਂ ਤੇ ਚੋਣ ਏਜੰਟਾਂ ਨੂੰ ਗਿਣਤੀ ਸਬੰਧੀ ਜਾਣਕਾਰੀ ਪਹਿਲਾਂ ਹੀ ਭੇਜੀ ਜਾ ਚੁੱਕੀ ਹੈ | ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਸਟਰਾਂਗ ਰੂਮਾਂ ਅਤੇ ਕਾਊਾਟਿੰਗ ਸੈਂਟਰਾਂ 'ਤੇ ਪੁਲਿਸ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤੇ ਸੀ.ਸੀ.ਟੀ.ਵੀ. ਕੈਮਰੇ ਲਗਾਤਾਰ ਨਿਗਰਾਨੀ ਲਈ ਸਥਾਪਿਤ ਕੀਤੇ ਜਾ ਚੁੱਕੇ ਹਨ | ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਤੱਕ 'ਨੋ ਵਾਹਨ ਜ਼ੋਨ' ਐਲਾਨ ਕੇ ਬੈਰੀਕੇਡਿੰਗ ਵੀ ਕੀਤੀ ਗਈ ਹੈ | ਚੋਣ ਅਬਜ਼ਰਵਰ ਨੇ ਹਦਾਇਤ ਕੀਤੀ ਕਿ ਗਿਣਤੀ ਕੇਂਦਰਾਂ ਵਿਚ ਮੋਬਾਈਲ ਫੋਨ ਸਮੇਤ ਮਨਾਹੀਸ਼ੁਦਾ ਇਲੈਕਟ੍ਰਾਨਿਕ ਵਸਤਾਂ ਜਮ੍ਹਾਂ ਕਰਵਾਉਣ ਲਈ ਵੀ ਵੱਖਰੇ ਪ੍ਰਬੰਧ ਕੀਤੇ ਜਾਣ ਤਾਂ ਜੋ ਗਿਣਤੀ ਦੌਰਾਨ ਕੋਈ ਅਸੁਵਿਧਾ ਨਾ ਹੋਵੇ | ਉਨ੍ਹਾਂ ਗਰਮੀ ਨੂੰ ਧਿਆਨ ਵਿਚ ਰੱਖਦਿਆਂ ਪੀਣ ਵਾਲੇ ਠੰਢੇ ਪਾਣੀ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਯਕੀਨੀ ਬਣਾਉਣ ਲਈ ਵੀ ਕਿਹਾ | ਇਸ ਮੌਕੇ ਸਹਾਇਕ ਕਮਿਸ਼ਨਰ ਪ੍ਰਦੀਪ ਸਿੰਘ ਬੈਂਸ, ਆਰ.ਟੀ.ਓ. ਰਾਜਪਾਲ ਸਿੰਘ ਸੇਖੋਂ, ਐਸ.ਡੀ.ਐਮ. ਜਸਪ੍ਰੀਤ ਸਿੰਘ, ਚੇਤਨ ਬੰਗੜ, ਸੁਖਪਾਲ ਸਿੰਘ ਸਮੇਤ ਸਮੂਹ ਆਰਓਜ਼, ਏ.ਆਰ.ਓਜ਼. ਅਤੇ ਹੋਰ ਅਧਿਕਾਰੀ ਹਾਜ਼ਰ ਸਨ |