30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਭਾਰੀ ਵਰਖਾ ਨੇ ਗਰਮੀ ਤੋਂ ਦਿਵਾਈ ਰਾਹਤ, ਮੌਸਮ ਹੋਇਆ ਸੁਹਾਵਣਾ <br/>

Ad Position 21
No active advertisement
ਅਜੀਤ ਡੈਸਕ 31-05-2026
ਪੁਰਖਾਲੀ, 30 ਮਈ (ਅੰਮਿ੍ਤਪਾਲ ਸਿੰਘ ਬੰਟੀ)- ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਗਰਮੀ ਅਤੇ ਤੇਜ਼ ਲੂ ਤੋਂ ਪ੍ਰੇਸ਼ਾਨ ਲੋਕਾਂ ਨੂੰ ਅੱਜ ਸਵੇਰੇ ਮੀਂਹ ਪੈਣ ਨਾਲ ਵੱਡੀ ਰਾਹਤ ਮਿਲੀ | ਅੱਜ ਸਵੇਰੇ ਮੌਸਮ ਨੇ ਕਰਵਟ ਲੈਂਦਿਆਂ ਗਰਮੀ ਤੋਂ ਤੌਬਾ-ਤੌਬਾ ਕਰ ਰਹੇ ਲੋਕਾਂ ਨੂੰ ਮੀਂਹ ਦੀ ਸੌਗਾਤ ਦਿੱਤੀ | ਇਸ ਮੀਂਹ ਕਾਰਨ ਪਿਛਲੇ ਕਈ ਦਿਨਾਂ ਤੋਂ ਤਪ ਰਹੇ ਇਲਾਕੇ ਦੇ ਤਾਪਮਾਨ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ | ਸਵੇਰੇ ਤੋਂ ਲਗਾਤਾਰ ਹੋ ਰਹੇ ਮੀਂਹ ਕਾਰਨ ਸਾਰਾ ਇਲਾਕਾ ਜਲ-ਥਲ ਹੋ ਗਿਆ | ਭਾਰੀ ਮੀਂਹ ਨਾਲ ਇਲਾਕੇ ਦੇ ਨਦੀਆਂ-ਨਾਲਿਆਂ 'ਚ ਭਰ ਕੇ ਖੂਬ ਪਾਣੀ ਚੱਲ ਰਿਹਾ ਹੈ | ਮੀਂਹ ਨਾਲ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲੀ ਹੈ ਉੱਥੇ ਮੀਂਹ ਨਾਲ ਜੰਗਲੀ ਜਾਨਵਰਾਂ, ਪਸ਼ੂ-ਪੰਛੀਆਂ ਤੇ ਦਰਖ਼ਤਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ | ਮੀਂਹ ਨਾਲ ਜ਼ਮੀਨਾਂ, ਸੜਕਾਂ ਤੇ ਨੀਵੇਂ ਇਲਾਕੇ 'ਚ ਪਾਣੀ ਭਰ ਗਿਆ ਹੈ ਪਰ ਗਰਮੀ ਤੋਂ ਮਿਲੀ ਰਾਹਤ ਅੱਗੇ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਸੀ | ਗਰਮੀ ਦੀ ਤਪਸ਼ ਦਰਮਿਆਨ ਮੀਂਹ ਨੇ ਦਿੱਤੀ ਦਸਤਕ ਦੀ ਲੋਕਾਂ ਵਲੋਂ ਖੁਸ਼ੀ ਮਨਾਈ ਜਾ ਰਹੀ ਹੈ ਪਰ ਮੀਂਹ ਨਾਲ ਕਈ ਭੱਠਿਆਂ 'ਤੇ ਨੁਕਸਾਨ ਪੁੱਜਣ ਦੀ ਖ਼ਬਰ ਹੈ | ਮੀਂਹ ਪੈਣ ਕਾਰਨ ਲੋਕਾਂ ਨੂੰ ਬਿਜਲੀ ਦੇ ਕੱਟਾਂ ਤੋਂ ਵੀ ਕੁੱਝ ਰਾਹਤ ਮਿਲਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਕਿਉਂਕਿ ਗਰਮੀ ਦੇ ਜ਼ੋਰ ਅੱਗੇ ਬਿਜਲੀ ਦੀ ਖਪਤ ਵਧਣ ਕਾਰਨ ਇੱਕ ਤਰ੍ਹਾਂ ਪਾਵਰ ਕਾਰਪੋਰੇਸ਼ਨ ਵੀ ਬੇਵਸ ਹੋਇਆ ਪਿਆ ਸੀ ਪਰ ਮੀਂਹ ਕਾਰਨ ਅੱਜ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਚਿਹਰਿਆਂ 'ਤੇ ਵੀ ਪੂਰੀ ਰੌਣਕ ਦਿਖਾਈ ਦੇ ਰਹੀ ਹੈ | ਮੌਸਮ 'ਚ ਆਈ ਠੰਢਕ ਕਾਰਨ ਕੁੱਝ ਦਿਨ ਏ.ਸੀ. ਤੇ ਕੂਲਰਾਂ ਦੀ ਵਰਤੋਂ ਘੱਟ ਹੋਣ ਦੀ ਉਮੀਦ ਹੈ | ਇਸ ਸੰਬੰਧੀ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਅਣ-ਐਲਾਨੇ ਤੇ ਲੰਬੇ ਬਿਜਲੀ ਕੱਟਾਂ ਤੋਂ ਥੋੜਾ ਛੁੱਟਕਾਰਾ ਮਿਲਣ ਦੀ ਆਸ ਹੈ |
ਨੂਰਪੁਰ ਬੇਦੀ, (ਰਾਜੇਸ਼ ਚੌਧਰੀ ਤਖਤਗੜ੍ਹ)- ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਅਤੇ ਤਪਸ਼ ਤੋਂ ਪਰੇਸ਼ਾਨ ਇਲਾਕਾ ਵਾਸੀਆਂ ਨੂੰ ਅੱਜ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਸਵੇਰ ਤੋਂ ਹੀ ਨੂਰਪੁਰ ਬੇਦੀ ਤੇ ਆਸ-ਪਾਸ ਦੇ ਇਲਾਕਿਆਂ ਵਿਚ ਜ਼ੋਰਦਾਰ ਵਰਖਾ ਪਈ | ਸਵੇਰ ਦੇ ਸਮੇਂ ਸ਼ੁਰੂ ਹੋਈ ਬਾਰਿਸ਼ ਲਗਭਗ ਦੁਪਹਿਰ 3 ਵਜੇ ਤੱਕ ਰੁਕ-ਰੁਕ ਕੇ ਜਾਰੀ ਰਹੀ ਜਿਸ ਕਾਰਨ ਤਾਪਮਾਨ ਵਿਚ ਕਾਫੀ ਗਿਰਾਵਟ ਦਰਜ ਕੀਤੀ ਗਈ ਤੇ ਮੌਸਮ ਖੁਸ਼ਗਵਾਰ ਬਣ ਗਿਆ | ਬਾਰਿਸ਼ ਦੇ ਨਾਲ-ਨਾਲ ਚੱਲੀਆਂ ਤੇਜ਼ ਹਵਾਵਾਂ ਅਤੇ ਹਨੇਰੀ ਨੇ ਵੀ ਆਪਣਾ ਅਸਰ ਦਿਖਾਇਆ | ਕਈ ਥਾਵਾਂ 'ਤੇ ਦਰੱਖਤ ਟੁੱਟ ਕੇ ਸੜਕਾਂ ਤੇ ਬਿਜਲੀ ਦੀਆਂ ਤਾਰਾਂ ਉੱਤੇ ਡਿੱਗ ਗਏ ਜਿਸ ਕਾਰਨ ਕੁੱਝ ਇਲਾਕਿਆਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ | ਇਸ ਬਾਰਿਸ਼ ਨਾਲ ਮਿੱਟੀ ਵਿਚ ਨਮੀ ਵਧੇਗੀ ਤੇ ਖੇਤੀਬਾੜੀ ਨੂੰ ਫਾਇਦਾ ਹੋਵੇਗਾ |
ਸ੍ਰੀ ਚਮਕੌਰ ਸਾਹਿਬ ਜਲਥਲ ਹੋਇਆ
ਸ੍ਰੀ ਚਮਕੌਰ ਸਾਹਿਬ, (ਜਗਮੋਹਣ ਸਿੰਘ ਨਾਰੰਗ)-ਅੱਜ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਨੇ ਇਲਾਕੇ ਅੰਦਰ ਜਲਥਲ ਕਰ ਦਿੱਤਾ ਹੈ | ਸ਼ਹਿਰ ਦੀਆਂ ਕਈ ਥਾਵਾਂ 'ਤੇ ਮੀਂਹ ਦਾ ਪਾਣੀ ਨੀਵੀਂਆਂ ਗਲੀਆਂ ਤੇ ਘਰਾਂ ਵਿਚ ਵੜ ਗਿਆ ਤੇ ਕੱਚੀਆਂ ਛੱਤਾਂ ਨੂੰ ਚੋਣ ਲਾ ਦਿੱਤਾ | ਇਸ ਮੀਂਹ ਨੇ ਤਪਸ਼ ਭਰੀ ਗਰਮੀ ਤੋਂ ਵੀ ਰਾਹਤ ਦਿੱਤੀ ਹੈ |
ਹੈੱਡ ਵਰਕਸ ਰੂਪਨਗਰ 'ਤੇ ਪਾਣੀ ਖੜ੍ਹਨ ਨਾਲ ਆਵਾਜਾਈ ਹੋਈ ਬੁਰੀ ਤਰ੍ਹਾਂ ਪ੍ਰਭਾਵਿਤ
ਰੂਪਨਗਰ, (ਸਤਨਾਮ ਸਿੰਘ ਸੱਤੀ)- ਅੱਜ ਹੋਈ ਭਾਰੀ ਬਾਰਸ਼ ਕਾਰਨ ਜਿੱਥੇ ਮੌਸਮ ਸੁਹਾਵਣਾ ਹੋ ਗਿਆ ਅਤੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਵੱਡੀ ਰਾਹਤ ਮਿਲੀ ਉੱਥੇ ਹੀ ਕਿਸਾਨਾਂ ਦੇ ਚਿਹਰੇ ਵੀ ਖਿੜ ਉੱਠੇ ਹਨ | ਝੋਨੇ ਦੀ ਲਵਾਈ ਦਾ ਸੀਜ਼ਨ ਸਿਰ 'ਤੇ ਹੋਣ ਕਰਕੇ ਲਗਾਤਾਰ ਪੈ ਰਹੀ ਗਰਮੀ ਨਾਲ ਖੇਤਾਂ ਨੂੰ ਪਾਣੀ ਦੀ ਬੇਹੱਦ ਲੋੜ ਸੀ | ਅੱਜ ਹੋਏ ਮੀਂਹ ਨੇ ਜ਼ਮੀਨ ਨੂੰ ਪੂਰੀ ਤਰ੍ਹਾਂ ਵੱਤਰ ਕਰ ਦਿੱਤਾ ਹੈ ਜਿਸ ਨਾਲ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ 'ਚ ਵੱਡਾ ਫਾਇਦਾ ਹੋਣ ਦੀ ਉਮੀਦ ਹੈ | ਦੂਜੇ ਪਾਸੇ ਇਸ ਮੀਂਹ ਨੇ ਸ਼ਹਿਰ ਵਿਚ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦੀ ਇੱਕ ਵਾਰ ਫਿਰ ਪੋਲ ਖੋਲ੍ਹ ਦਿੱਤੀ | ਰੂਪਨਗਰ ਦੇ ਕਈ ਇਲਾਕਿਆਂ ਵਿਚ ਘੰਟਿਆਂ ਤੱਕ ਪਾਣੀ ਖੜ੍ਹਾ ਰਿਹਾ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਬੇਲਾ ਰੋਡ 'ਤੇ ਸਥਿਤ ਪਰਮਾਰ ਹਸਪਤਾਲ ਤੇ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਵੱਡੀ ਮਾਤਰਾ ਵਿਚ ਪਾਣੀ ਇਕੱਠਾ ਹੋ ਗਿਆ | ਸਥਾਨਕ ਲੋਕਾਂ ਅਨੁਸਾਰ ਪਹਿਲਾਂ ਵੀ ਕਈ ਵਾਰ ਸਕੂਲ ਦੀ ਚਾਰਦੀਵਾਰੀ ਪਾਣੀ ਦੇ ਦਬਾਅ ਕਾਰਨ ਨੁਕਸਾਨ ਦਾ ਸ਼ਿਕਾਰ ਹੋ ਚੁੱਕੀ ਹੈ ਪਰ ਅੱਜ ਤੱਕ ਇੱਥੇ ਪਾਣੀ ਦੀ ਨਿਕਾਸੀ ਲਈ ਕੋਈ ਪੱਕਾ ਤੇ ਢੁਕਵਾਂ ਪ੍ਰਬੰਧ ਨਹੀਂ ਕੀਤਾ ਗਿਆ | ਇਸ ਤੋਂ ਇਲਾਵਾ ਗੁਰਦੁਆਰਾ ਭੱਠਾ ਸਾਹਿਬ ਮਾਰਗ 'ਤੇ ਵੀ ਬੇਹੱਦ ਪਾਣੀ ਖੜ੍ਹਾ ਰਿਹਾ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਤੇ ਲੋਕਾਂ ਨੂੰ ਆਉਣ-ਜਾਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਇਸੇ ਤਰ੍ਹਾਂ ਗਿਆਨੀ ਜ਼ੈਲ ਸਿੰਘ ਨਗਰ ਵਿਚ ਵੀ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾਕਾਫ਼ੀ ਸਾਬਤ ਹੋਏ | ਸੜਕਾਂ 'ਤੇ ਲੰਬੇ ਸਮੇਂ ਤੱਕ ਪਾਣੀ ਖੜ੍ਹਾ ਰਹਿਣ ਕਾਰਨ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਇਸ ਦੌਰਾਨ ਕੌਮੀ ਰਾਜ ਮਾਰਗ 'ਤੇ ਸਥਿਤ ਹੈੱਡ ਵਰਕਸ ਰੂਪਨਗਰ ਪੁਲ ਦੀ ਖਸਤਾ ਹਾਲਤ ਇੱਕ ਵਾਰ ਫਿਰ ਸਾਹਮਣੇ ਆਈ | ਪੁਲ ਦੀ ਸੜਕ 'ਤੇ ਪਹਿਲਾਂ ਹੀ ਪਏ ਦਰਜਨਾਂ ਵੱਡੇ ਖੱਡਿਆਂ 'ਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ | ਸਭ ਤੋਂ ਵੱਧ ਪਰੇਸ਼ਾਨੀ ਮੋਟਰਸਾਈਕਲ ਸਵਾਰਾਂ ਤੇ ਪੈਦਲ ਰਾਹਗੀਰਾਂ ਨੂੰ ਝੱਲਣੀ ਪਈ ਜਿਨ੍ਹਾਂ ਲਈ ਇੱਥੋਂ ਲੰਘਣਾ ਖਤਰੇ ਤੋਂ ਖਾਲੀ ਨਹੀਂ ਸੀ | ਨੇੜੇ ਸਥਿਤ ਗੁਰਦੁਆਰਾ ਹੈੱਡ ਦਰਬਾਰ ਟਿੱਬੀ ਸਾਹਿਬ ਵਿਖੇ ਆਉਣ ਵਾਲੀ ਸੰਗਤ ਤੇ ਆਸ-ਪਾਸ ਦੀਆਂ ਫ਼ੈਕਟਰੀਆਂ ਵਿਚ ਕੰਮ ਕਰਨ ਵਾਲੇ ਕਾਮਿਆਂ ਨੂੰ ਵੀ ਇਸ ਮਾਰਗ ਤੋਂ ਲੰਘਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਇਹ ਮਾਰਗ ਦੁਆਬਾ, ਮਾਝਾ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਨੂੰ ਜੋੜਨ ਵਾਲਾ ਇੱਕ ਅਹਿਮ ਰਾਸ਼ਟਰੀ ਮਾਰਗ ਹੈ, ਜਿੱਥੋਂ ਹਰ ਰੋਜ਼ ਹਜ਼ਾਰਾਂ ਵਾਹਨ ਲੰਘਦੇ ਹਨ | ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਹੈੱਡ ਵਰਕਸ ਪੁਲ ਦੀ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤੇ ਪਾਣੀ ਦੀ ਨਿਕਾਸੀ ਲਈ ਪੱਕੇ ਤੇ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਣ | ਲੋਕਾਂ ਦਾ ਕਹਿਣਾ ਹੈ ਕਿ ਹਰ ਬਰਸਾਤ ਦੌਰਾਨ ਇਹ ਸਮੱਸਿਆ ਗੰਭੀਰ ਰੂਪ ਧਾਰ ਲੈਂਦੀ ਹੈ ਪਰ ਇਸ ਦੇ ਸਥਾਈ ਹੱਲ ਲਈ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ |
ਨੂਰਪੁਰ ਬੇਦੀ, (ਵਿੰਦਰਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ 'ਚ ਅੱਜ ਸਵੇਰੇ ਪਈ ਜ਼ੋਰਦਾਰ ਬਾਰਸ਼ ਨੇ ਵੱਡਾ ਜਲਥਲ ਕਰਕੇ ਰੱਖ ਦਿੱਤਾ ਹੈ, ਸਵੇਰੇ ਤੋਂ ਹੀ ਬਾਅਦ ਦੁਪਹਿਰ ਤੱਕ ਨਿਰੰਤਰ ਰੁਕ-ਰੁਕ ਪੈ ਰਹੀ ਬਾਰਿਸ਼ ਨੇ ਬੀਤੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਕਹਿਰ ਦੀ ਭਿਆਨਕ ਨਾਲ ਤੰਦੂਰ ਦੀ ਭੱਠੀ ਵਾਂਗ ਤਪ ਰਹੇ ਗਰਮੀ ਦੇ ਮੌਸਮ ਤੋਂ ਲੋਕਾਂ ਸਮੇਤ ਜੀਵ ਜੰਤੂਆਂ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਮੌਸਮ ਖ਼ੁਸ਼ਗਵਾਰ ਹੋ ਗਿਆ | ਇਹ ਬਾਰਿਸ਼ ਕਿਸਾਨਾਂ ਲਈ ਮੱਕੀ ਦੀ ਫ਼ਸਲ, ਹਰੇ ਚਾਰੇ ਤੇ ਇਸ ਵਾਰ ਇਲਾਕੇ ਵਿਚ ਵੱਡੇ ਪੱਧਰ 'ਤੇ ਖੇਤੀ ਦੇ ਨਾਲ ਨਾਲ ਵਣ ਖੇਤੀ ਲਈ ਲਗਾਏ ਗਏ ਪਾਪੂਲਰ ਦੇ ਬੂਟਿਆਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਈ ਹੈ ਉੱਥੇ ਇਸ ਭਾਰੀ ਬਾਰਸ਼ ਨਾਲ ਨੀਵੇਂ ਖੇਤਾਂ ਵਿਚ ਨੱਕੋਂ ਨੱਕ ਪਾਣੀ ਭਰ ਗਿਆ | ਇਸ ਦੇ ਨਾਲ ਹੀ ਬਾਰਸ਼ ਨਾਲ ਪਿੰਡ ਬਾਹਮਣ ਮਾਜਰਾ ਲਾਗੇ ਪੁਲੀ ਦੇ ਨਾਲ ਨਵੀਂ ਬਣ ਰਹੀ ਸੜਕ 'ਚ ਕਾਫ਼ੀ ਹਿੱਸੇ 'ਚ ਪਾੜ ਪੈ ਗਿਆ | ਭਾਵੇਂ ਨੂਰਪੁਰ ਬੇਦੀ ਇਲਾਕੇ 'ਚ ਸੜਕਾਂ ਦਾ ਕੰਮ ਚੱਲ ਰਿਹਾ ਹੈ ਪਰ ਪਿੰਡ ਝਾਂਡੀਆਂ ਕਲਾਂ ਵਿਖੇ ਇੱਟਾਂ ਦੇ ਭੱਠੇ ਲਾਗੇ ਬਣਨ ਤੋਂ ਰਹਿੰਦੇ ਲਿੰਕ ਸੜਕ ਦੇ ਟੁੱਟੇ ਹੋਏ ਕੁੱਝ ਹਿੱਸੇ ਵਿਚ ਪਏ ਡੂੰਘੇ ਟੋਇਆ ਵਿਚ ਮੀਂਹ ਦਾ ਪਾਣੀ ਭਰਨ ਨਾਲ ਛੱਪੜ ਦਾ ਰੂਪ ਧਾਰਨ ਕਰ ਗਈ ਜੋ ਰਾਹਗੀਰਾਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣੀ ਰਹੀ ਜਿਸ ਕਾਰਨ ਵਾਹਨਾਂ ਚਾਲਕਾਂ ਤੇ ਰਾਹਗੀਰਾਂ ਨੂੰ ਬੇਹੱਦ ਪ੍ਰੇਸ਼ਾਨ ਹੋਣਾ ਪਿਆ | (ਬਾਕੀ ਸਫ਼ਾ 7 'ਤੇ)

Ad Position 22
No active advertisement
ਪਿਛਲੀ ਖ਼ਬਰ ਫਾਰਮੇਸੀ ਕਾਲਜ ਬੇਲਾ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਆਪ ਦੀ ਜਿੱਤ, ਸਰਕਾਰੀ ਧੱਕੇਸ਼ਾਹੀ ਦੀ ਜਿੱਤ- ਪ੍ਰੋ: ਚੰਦੂਮਾਜਰਾ
Ad Position 24